ਸਿਡਨੀ ''ਚ ਹੋਣ ਵਾਲੇ 12ਵੇਂ ਪੇਸਾਪਾਲੋ ਵਰਲਡ ਕੱਪ ਲਈ ਦੋਦਾ ਦੀ ਰਾਜਰਾਣੀ ਦੀ ਭਾਰਤੀ ਟੀਮ ''ਚ ਚੋਣ
Saturday, Sep 26, 2026 - 04:28 PM (IST)
ਦੋਦਾ / ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ/ਪਵਨ ਤਨੇਜਾ ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੀ ਪ੍ਰਤਿਭਾਸ਼ਾਲੀ ਖਿਡਾਰਨ ਰਾਜਰਾਣੀ ਸੱਚਦੇਵਾ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ 2 ਤੋਂ 5 ਅਕਤੂਬਰ 2026 ਤੱਕ ਆਯੋਜਿਤ ਹੋਣ ਜਾ ਰਹੇ 12ਵੇਂ ‘ਪੇਸਾਪਾਲੋ ਵਰਲਡ ਕੱਪ’ ਲਈ ਭਾਰਤੀ ਟੀਮ ਵਿਚ ਰਾਜਰਾਣੀ ਦੀ ਚੋਣ ਹੋਈ ਹੈ। ਰਾਜਰਾਣੀ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਿੰਡ ਦੋਦਾ ਸਮੇਤ ਪੂਰੇ ਜ਼ਿਲ੍ਹੇ ਅਤੇ ਪੰਜਾਬ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
30 ਸਤੰਬਰ ਨੂੰ ਆਸਟ੍ਰੇਲੀਆ ਲਈ ਹੋਵੇਗੀ ਰਵਾਨਗੀ
ਆਪਣੀ ਚੋਣ ਸਬੰਧੀ ਜਾਣਕਾਰੀ ਦਿੰਦਿਆਂ ਰਾਜਰਾਣੀ ਸੱਚਦੇਵਾ ਨੇ ਦੱਸਿਆ ਕਿ ਭਾਰਤੀ ਟੀਮ 30 ਸਤੰਬਰ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਨੁਮਾਇੰਦਗੀ ਕਰਨ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਹਨ ਅਤੇ ਵਿਸ਼ਵ ਕੱਪ ਵਿੱਚ ਬਹਿਤਰੀਨ ਪ੍ਰਦਰਸ਼ਨ ਕਰਕੇ ਭਾਰਤ ਨੂੰ ਜਿੱਤ ਦਿਵਾਉਣ ਲਈ ਜਾਨ ਲਗਾ ਦੇਣਗੇ।
ਪਹਿਲਾਂ ਵੀ ਚਮਕਾ ਚੁੱਕੀ ਹੈ ਦੇਸ਼ ਦਾ ਨਾਮ
ਰਾਜਰਾਣੀ ਸੱਚਦੇਵਾ ਨਾ ਕੇਵਲ ਉੱਘੀ ਖਿਡਾਰਨ ਹੈ, ਸਗੋਂ ਉਹ ਇਕ ਯੋਗਾ ਅਧਿਆਪਕਾ ਵਜੋਂ ਵੀ ਸੇਵਾਵਾਂ ਦੇ ਰਹੀ ਹੈ। ਇਸ ਤੋਂ ਪਹਿਲਾਂ ਉਹ ਦੱਖਣੀ ਕੋਰੀਆ ਵਿਖੇ ਹੋਏ ‘ਮਹਿਲਾ ਬੇਸਬਾਲ ਵਰਲਡ ਕੱਪ’ ਅਤੇ ਹਾਂਗਕਾਂਗ ਵਿਖੇ ਹੋਏ ‘ਮਹਿਲਾ ਬੇਸਬਾਲ ਏਸ਼ੀਆ ਕੱਪ’ ਵਿਚ ਭਾਰਤੀ ਟੀਮ ਵੱਲੋਂ ਖੇਡਦਿਆਂ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀ ਹੈ। ਖੇਡਾਂ ਦੇ ਖੇਤਰ ਵਿੱਚ ਉਸਦੀ ਅਥਾਹ ਮਿਹਨਤ, ਲਗਨ ਅਤੇ ਸੰਘਰਸ਼ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਉਸਨੂੰ ਰਾਜ ਦੇ ਸਰਵਉੱਚ ਖੇਡ ਸਨਮਾਨ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਨਾਲ ਵੀ ਨਵਾਜਿਆ ਜਾ ਚੁੱਕਾ ਹੈ।
ਸਰਕਾਰੀ ਵਿੱਤੀ ਸਹਾਇਤਾ ਤੋਂ ਵਾਂਝੀ ਹੈ ਖਿਡਾਰਨ
ਜਿੱਥੇ ਇਕ ਪਾਸੇ ਪੂਰੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਰਾਜਰਾਣੀ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਝੰਡਾ ਬੁਲੰਦ ਕਰਨ ਦੇ ਬਾਵਜੂਦ ਉਸ ਨੂੰ ਅਜੇ ਤੱਕ ਕਿਸੇ ਸਰਕਾਰੀ ਵਿਭਾਗ ਜਾਂ ਸੰਸਥਾ ਵੱਲੋਂ ਕੋਈ ਵਿੱਤੀ ਮਦਦ ਨਹੀਂ ਮਿਲੀ। ਵੀਜ਼ਾ, ਹਵਾਈ ਟਿਕਟਾਂ, ਵਿਦੇਸ਼ ਯਾਤਰਾ ਅਤੇ ਰਹਿਣ-ਸਹਿਣ ਦੇ ਸਾਰੇ ਖਰਚੇ ਉਸ ਨੂੰ ਆਪਣੇ ਪੱਧਰ 'ਤੇ ਹੀ ਚੁੱਕਣੇ ਪੈ ਰਹੇ ਹਨ।
ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ
ਰਾਜਰਾਣੀ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਯੋਗ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਖਿਡਾਰੀ ਆਰਥਿਕ ਬੋਝ ਤੋਂ ਮੁਕਤ ਹੋ ਕੇ ਆਪਣਾ ਧਿਆਨ ਸਿਰਫ਼ ਖੇਡ 'ਤੇ ਕੇਂਦਰਿਤ ਕਰ ਸਕਣ।
ਖੇਡ ਵਿਭਾਗ ਨੇ ਦਿੱਤਾ ਮਦਦ ਦਾ ਭਰੋਸਾ
ਅਨਿੰਦਰਵੀਰ ਕੌਰ (ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ) ਨੇ ਕਿਹਾ ਕਿ "ਇਹ ਪੂਰੇ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਧੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ। ਖਿਡਾਰਨ ਆਪਣੀ ਖੇਡ, ਵਿਦੇਸ਼ ਜਾਣ ਦੀ ਤਾਰੀਖ਼ ਅਤੇ ਮੰਗਾਂ ਦਾ ਵੇਰਵਾ ਲਿਖਤੀ ਰੂਪ ਵਿੱਚ ਦੇਵੇ। ਖੇਡ ਵਿਭਾਗ ਵੱਲੋਂ ਜੋ ਵੀ ਸੰਭਵ ਮਦਦ ਹੋਵੇਗੀ, ਉਹ ਯਕੀਨੀ ਤੌਰ 'ਤੇ ਕੀਤੀ ਜਾਵੇਗੀ।"
