ਆਰਮੀ ਡਿਫੈਂਸ ਦੇ ਆਰਡਰ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ
Thursday, Oct 01, 2026 - 01:39 PM (IST)
ਮਲੋਟ (ਜੁਨੇਜਾ) : ਮਲੋਟ ਦੀ ਇਕ ਫਰਨੀਚਰ ਮੈਨੂਫੈਕਚਰਿੰਗ ਤੇ ਸਪਲਾਇਰ ਕੰਪਨੀ ਦੇ ਮਾਲਕ ਨਾਲ ਠੱਗਾਂ ਨੇ ਫੌਜੀ ਅਫ਼ਸਰ ਬਣ ਕੇ ਆਨਲਾਈਨ ਠੱਗੀ ਮਾਰ ਲਈ। ਇਸ ’ਤੇ ਸਾਈਬਰ ਕਰਾਈਮ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪਰਮਪੁਨੀਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਸਾਈਬਰ ਕਰਾਈਮ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਸਕੂਲਾਂ ਵਿਚ ਫਰਨੀਚਰ ਅਤੇ ਝੂਲਿਆਂ ਦੀ ਮੈਨੂਫੈਕਚਰਿੰਗ ਕਰਕੇ ਸਪਲਾਈ ਦਾ ਕੰਮ ਕਰਦੇ ਹਨ। ਮੁਦਈ ਨੂੰ 29 ਅਗਸਤ ਨੂੰ ਇਕ ਕਾਲ ਇੰਡੀਆ ਮਾਰਟ ਤੋਂ ਨਿਊਜ਼ਪੇਪਰ ਸਟੈਂਡ ਲਈ ਆਈ। ਦੋ ਦਿਨ ਬਾਅਦ 31 ਅਗਸਤ ਨੂੰ ਮੁਦਈ ਨੂੰ ਇਕ ਏਅਰ ਫੋਰਸ ਸਟੇਸ਼ਨ ਦੇ ਨਾਮ 'ਤੇ ਇੰਡੀਆ ਮਾਰਟ ਰਾਹੀਂ ਇਕ ਆਰਡਰ ਆਇਆ, ਜਿਸ ਦੀ ਕੀਮਤ 1 ਲੱਖ 66 ਹਜ਼ਾਰ ਬਣਦੀ ਹੈ।
ਮੁਦਈ ਵੱਲੋਂ ਆਰਡਰ ਤਿਆਰ ਕਰਕੇ 25 ਸਤੰਬਰ ਨੂੰ ਦਿੱਤੇ ਐਡਰੈੱਸ ’ਤੇ ਭੇਜਿਆ ਗਿਆ। ਅੱਗੋਂ ਆਰਡਰ ਰਿਸੀਵ ਕਰਨ ਕੋਈ ਨਹੀਂ ਆਇਆ ਪਰ ਫੋਨ ’ਤੇ ਇਕ ਲੜਕਾ ਤੇ ਲੜਕੀ, ਜੋ ਆਪਣੇ ਆਪ ਨੂੰ ਆਰਮੀ ਅਫ਼ਸਰ ਦੱਸ ਰਹੇ ਸਨ, ਵੱਲੋਂ ਕਿਹਾ ਗਿਆ ਕਿ ਹੈੱਡਕੁਆਰਟਰ ਤੋਂ ਪੇਮੈਂਟ ਲਈ ਕਾਲ ਆਵੇਗੀ।
ਨਵੇਂ ਨੰਬਰ ਤੋਂ ਆਈ ਕਾਲ ਵਿਚ ਕਿਹਾ ਕਿ ਖਾਤਾ ਕਨਫਰਮ ਕਰਵਾਉਣ ਲਈ 60 ਹਜ਼ਾਰ ਰੁਪਏ ਪਾ ਦਿਓ, ਇਹ ਪੈਸੇ ਤੁਹਾਡੇ ਬਿੱਲ ਦੀ ਰਕਮ ਨਾਲ ਵਾਪਸ ਪਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗੱਲਾਂ ਵਿਚ ਲੈ ਕੇ ਉਕਤ ਵਿਅਕਤੀਆਂ ਨੇ ਮੁਦਈ ਤੋਂ ਭੇਜੇ ਖਾਤਾ ਨੰਬਰਾਂ ਵਿਚੋਂ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ 4 ਲੱਖ 3 ਹਜ਼ਾਰ 780 ਰੁਪਏ ਦੀ ਠੱਗੀ ਮਾਰ ਲਈ, ਜਿਸ ’ਤੇ ਮੁਦਈ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਇਸ ਮਾਮਲੇ ’ਤੇ ਸਾਈਬਰ ਕਰਾਈਮ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਸਾਈਬਰ ਕਰਾਈਮ ਨੇ ਵੱਖ-ਵੱਖ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
