ਜੇਲ੍ਹ ਦੇ ਬਾਥਰੂਮ ’ਚੋਂ ਲਾਵਾਰਿਸ ਹਾਲਤ ’ਚ 3 ਕੀਪੈਡ ਮੋਬਾਈਲ ਬਰਾਮਦ
Thursday, Sep 10, 2026 - 06:12 PM (IST)
ਫਰੀਦਕੋਟ (ਰਾਜਨ) : ਕੇਂਦਰੀ ਜੇਲ੍ਹ ਫਰੀਦਕੋਟ ’ਚ ਤਲਾਸ਼ੀ ਦੌਰਾਨ ਬਾਥਰੂਮ ’ਚੋਂ 3 ਕੀਪੈਡ ਮੋਬਾਈਲ ਲਾਵਾਰਿਸ ਹਾਲਤ ’ਚ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਕੇਂਦਰੀ ਜੇਲ੍ਹ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਵੱਲੋਂ ਜੇਲ੍ਹ ਦੇ ਲੰਗਰ ਨੰਬਰ 3 ਦੀ ਤਲਾਸ਼ੀ ਸਬੰਧੀ ਪੁਲਸ ਨੂੰ ਪੱਤਰ ਭੇਜਿਆ ਗਿਆ ਸੀ। ਇਸ ਤਹਿਤ 24 ਅਗਸਤ ਦੀ ਸ਼ਾਮ ਨੂੰ ਜੇਲ ਕਰਮਚਾਰੀਆਂ ਵੱਲੋਂ ਲੰਗਰ ਨੰਬਰ 3 ਦੀ ਅਚਨਚੇਤ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਬਾਥਰੂਮ ਦੀ ਚੈਕਿੰਗ ਕੀਤੀ ਗਈ ਤਾਂ ਉਥੋਂ 3 ਕੀਪੈਡ ਮੋਬਾਈਲ ਲਾਵਾਰਿਸ ਹਾਲਤ ’ਚ ਬਰਾਮਦ ਹੋਏ। ਜੇਲ ਪ੍ਰਸ਼ਾਸਨ ਵੱਲੋਂ ਬਰਾਮਦ ਮੋਬਾਈਲ ਫੋਨਾਂ ਨੂੰ ਕਬਜ਼ੇ ’ਚ ਲੈ ਕੇ ਇਸ ਦੀ ਸੂਚਨਾ ਥਾਣਾ ਸਿਟੀ ਕੋਤਵਾਲੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਮੋਬਾਈਲ ਜੇਲ ਅੰਦਰ ਕਿਵੇਂ ਪਹੁੰਚੇ ਅਤੇ ਇਨ੍ਹਾਂ ਦੀ ਵਰਤੋਂ ਕੌਣ ਕਰ ਰਿਹਾ ਸੀ।
