ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਮਲੋਟ ਦਾ ਵਿਅਕਤੀ, ਕੈਨੇਡਾ ਭੇਜਣ ਦੇ ਨਾਂ ''ਤੇ ਵਸੂਲੇ 27 ਲੱਖ ਰੁਪਏ
Wednesday, Mar 15, 2023 - 12:08 PM (IST)
ਮਲੋਟ (ਗੋਇਲ) : ਥਾਣਾ ਸਦਰ ਮਲੋਟ ਵਿਖੇ ਕੈਨੇਡਾ ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਮਲੋਟ ਅਧੀਨ ਪੈਂਦੇ ਪਿੰਡ ਤਰਖਾਣਵਾਲਾ ਦੇ ਵਾਸੀ ਜਤਿੰਦਰਪਾਲ ਸਿੰਘ ਪੁੱਤਰ ਜਸਪਾਲ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਦਾ ਕੈਨੇਡਾ ਜਾਣ ਲਈ ਵੀਜ਼ਾ ਲਗਵਾਉਣ ਵਾਸਤੇ ਗੌਰਵ ਪਾਂਡੇ ਪੁੱਤਰ ਸੁਸ਼ੀਲ ਕੁਮਾਰ ਪਾਂਡੇ ਵਾਸੀ ਚੰਡੀਗੜ੍ਹ ਨਾਲ ਸੰਪਰਕ ਕੀਤਾ ਸੀ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਦੀ ਪਤਨੀ ਹਰਪ੍ਰੀਤ ਕੌਰ ਦਾ ਵੀਜ਼ਾ ਲਵਾ ਦੇਵੇਗਾ। ਇਸ ਦੇ ਬਦਲੇ ਉਹ 2 ਲੱਖ ਰੁਪਏ ਖ਼ਰਚਾ ਲਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਲ 2008 ਤੋਂ 2020 ਵਿਚਾਲੇ ਗੌਰਵ ਪਾਂਡੇ ਨੇ ਉਨ੍ਹਾਂ ਤੋਂ ਵੱਖ-ਵੱਖ ਕਿਸ਼ਤਾਂ ਵਿਚ 27 ਲੱਖ ਰੁਪਏ ਵਸੂਲ ਕਰ ਲਏ।
ਇਹ ਵੀ ਪੜ੍ਹੋ- CM ਮਾਨ ਦੇ ਰਾਜਸਥਾਨ ਦੌਰੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਟਵੀਟ, ਕਹੀ ਵੱਡੀ ਗੱਲ
ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਪੈਸਾ ਪਿੰਡ ਤਰਖਾਣਵਾਲਾ ਦੇ ਕੰਵਰਜੀਤਪਾਲ ਸਿੰਘ ਦੀ ਹਾਜ਼ਰੀ ’ਚ ਦਿੱਤਾ। ਇਸ ਸਬੰਧੀ ਗੌਰਵ ਪਾਂਡੇ ਨੇ ਅਸ਼ਟਾਮ ਉੱਪਰ ਵੀ ਇਹ ਲਿਖ ਕੇ ਦਿੱਤਾ ਕਿ ਉਸ ਨੇ 27 ਲੱਖ ਰੁਪਏ ਵਸੂਲ ਕਰ ਲਏ ਹਨ। ਜਦੋਂ ਜਤਿੰਦਰਪਾਲ ਸਿੰਘ ਦੀ ਪਤਨੀ ਦਾ ਵੀਜ਼ਾ ਨਾ ਆਇਆ ਤਾਂ ਉਸ ਨੇ ਆਪਣੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗੌਰਵ ਪਾਂਡੇ ਨੇ 14 ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਪਰ 13 ਲੱਖ ਰੁਪਏ ਵਾਪਸ ਕਰਨ ਤੋਂ ਮੁਕਰ ਗਿਆ। ਪੁਲਸ ਨੇ ਸ਼ਿਕਾਇਤ ਉੱਪਰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਨਸ਼ੇ ਨੇ ਪੁਆਏ ਇਕ ਹੋਰ ਘਰ 'ਚ ਵੈਣ, ਮਾਨਸਾ 'ਚ ਓਵਰਡੋਜ਼ ਕਾਰਨ 35 ਸਾਲਾ ਵਿਅਕਤੀ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
