‘ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ’ ਵਿਸ਼ੇ ’ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ

Tuesday, Dec 25, 2018 - 11:26 AM (IST)

‘ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ’ ਵਿਸ਼ੇ ’ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ

ਫਰੀਦਕੋਟ (ਜਸਬੀਰ ਕੌਰ)- ਸਰਕਾਰੀ ਕੰਨਿਆ ਸੀ. ਸੈ. ਸਕੂਲ ਵਿਚ ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਸਰਪ੍ਰਸਤੀ ਅਤੇ ਪ੍ਰਦੀਪ ਦਿਓਡ਼ਾ ਉਪ ਜ਼ਿਲਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ’ ਵਿਸ਼ੇ ’ਤੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੀ ਸਮੁੱਚੀ ਦੇਖ-ਰੇਖ ਇੰਚਾਰਜ ਪ੍ਰਿੰ. ਮਨਿੰਦਰ ਕੌਰ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ। ਸਾਨੂੰ ਇਸ ਨੂੰ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਨੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਾਖਲ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ‘ਈਚ ਵਨ-ਬਰਿੰਗ ਵਨ’ ਮਿਸ਼ਨ ਵਿਚ ਹਰੇਕ ਅਧਿਆਪਕ ਬਣਦਾ ਯੋਗਦਾਨ ਪਾਵੇ। ਇਸ ਮੌਕੇ ਕਰਵਾਏ ਗਏ ਸੁੰਦਰ ਲਿਖਾਈ ਦੇ ਮੁਕਾਬਲਿਆਂ ’ਚ ਸਕੂਲ ਪੱਧਰ ’ਤੇ ਜੂਨੀਅਰ ਤੇ ਸੀਨੀਅਰ ਵਰਗ ਦਾ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ 153 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੀ ਜੱਜਮੈਂਟ ਜਸਬੀਰ ਕੌਰ ਆਰਟ ਐਂਡ ਕਰਾਫ਼ਟ, ਵੀਨਾ ਨਰੂਲਾ ਹਿੰਦੀ ਮਿਸਟਰੈੱਸ ਅਤੇ ਸ਼ਿਖਾ ਸਿੰਗਲਾ ਸਾਇੰਸ ਮਿਸਟਰੈੱਸ ਨੇ ਕੀਤੀ। ਸੁੰਦਰ ਲਿਖਾਈ ਦੇ ਜੂਨੀਅਰ ਵਰਗ ਦੇ ਮੁਕਾਬਲੇ ’ਚ ਵੰਸ਼ਦੀਪ ਪੁੱਤਰ ਸ਼ਮਸ਼ੇਰ ਸਿੰਘ ਸਰਕਾਰੀ ਮਿਡਲ ਸਕੂਲ ਕਲੇਰ ਨੇ ਪਹਿਲਾ, ਮਮਤਾ ਰਾਣੀ ਪੁੱਤਰੀ ਲਖਵੀਰ ਸਿੰਘ ਸਰਕਾਰੀ ਹਾਈ ਸਕੂਲ ਸੰਗਰਾਹੂਰ ਨੇ ਦੂਜਾ ਅਤੇ ਮਨਜੋਤ ਕੌਰ ਪੁੱਤਰੀ ਇਕਬਾਲ ਸਿੰਘ ਸਰਕਾਰੀ ਮਿਡਲ ਸਕੂਲ ਮਚਾਕੀ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ’ਚ ਜਸਪ੍ਰੀਤ ਕੌਰ ਪੁੱਤਰੀ ਲਛਮਣ ਸਿੰਘ ਸਰਕਾਰੀ ਹਾਈ ਸਕੂਲ ਭਾਣਾ ਨੇ ਪਹਿਲਾ, ਸਿਮਰਨਜੀਤ ਕੌਰ ਪੁੱਤਰ ਰਾਮ ਸਿੰਘ ਸਰਕਾਰੀ ਸੀ. ਸੈ. ਸਕੂਲ ਘੁਗਿਆਣਾ ਨੇ ਦੂਜਾ ਅਤੇ ਮਨਦੀਪ ਸਿੰਘ ਪੁੱਤਰ ਗੋਪਾਲ ਦਾਸ ਸਰਕਾਰੀ ਬਲਬੀਰ ਸੀ. ਸੈ. ਸਕੂਲ ਫ਼ਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਦੀ ਸਫ਼ਲਤਾ ਵਾਸਤੇ ਵਿਨੋਦ ਕੁਮਾਰ ਹਿੰਦੀ ਮਾਸਟਰ ਨੇ ਅਹਿਮ ਯੋਗਦਾਨ ਦਿੱਤਾ।


Related News