‘ਯੇ ਕਾਲੀ-ਕਾਲੀ ਆਂਖੇਂ-2’ ਨਵੇਂ ਕਿਰਦਾਰ ਦੀ ਐਂਟਰੀ ਨਾਲ ਹੋਰ ਵੀ ਖ਼ਤਰਨਾਕ ਹੋਈ ਪਿਆਰ, ਧੋਖੇ ਤੇ ਜਨੂੰਨ ਦੀ ਕਹਾਣੀ

Saturday, Nov 16, 2024 - 12:23 PM (IST)

ਨੈੱਟਫਲਿਕਸ ਦੀ ਰੋਮਾਂਟਿਕ ਕ੍ਰਾਈਮ ਥ੍ਰਿਲਰ ਸੀਰੀਜ਼ ‘ਯੇ ਕਾਲੀ-ਕਾਲੀ ਆਂਖੇ’ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਇਸ ਦਾ ਦੂਜਾ ਸੀਜ਼ਨ 22 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ, ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਸਿਧਾਰਥ ਸੇਨ ਗੁਪਤਾ ਵੱਲੋਂ ਨਿਰਦੇਸ਼ਿਤ ਇਸ ਸੀਰੀਜ਼ ਦੇ ਦੂਜੇ ਸੀਜ਼ਨ ’ਚ ਤਾਹਿਰ ਰਾਜ ਭਸੀਨ, ਆਂਚਲ ਸਿੰਘ, ਸ਼ਵੇਤਾ ਤ੍ਰਿਪਾਠੀ ਤੇ ਗੁਰਮੀਤ ਚੌਧਰੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਸੀਰੀਜ਼ ਬਾਰੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼....

ਸਿਧਾਰਥ ਸੇਨ ਗੁਪਤਾ

ਤੁਹਾਡੇ ਲਈ ਵੈੱਬ ਸੀਰੀਜ਼ ਲਿਖਣਾ ਕਿੰਨਾ ਮੁਸ਼ਕਲ ਸੀ?

ਵੈੱਬ ਸੀਰੀਜ਼ ਲਿਖਣਾ ਮੇਰੇ ਲਈ ਬਹੁਤ ਮੁਸ਼ਕਲ ਰਿਹਾ ਕਿਉਂਕਿ ਮੈਂ ਪਹਿਲਾਂ ਕਦੇ ਲਿਖਦਾ ਨਹੀਂ ਸੀ। ਇਹ ਸਿਲਸਿਲਾ ਹੁਣ ਸ਼ੁਰੂ ਹੋਇਆ। ਇਸ ਲਈ ਇਸ ਵਿਚ ਸਮਾਂ ਲੱਗਦਾ ਹੈ ਕਿਉਂਕਿ ਇਸ ਨੂੰ ਪੂਰੇ ਦਿਲ ਤੋਂ ਲਿਖਿਆ ਜਾਂਦਾ ਹੈ। ਸਕ੍ਰਿਪਟ ਬੋਰਿੰਗ ਨਾ ਹੋਵੇ, ਇਸ ਲਈ ਉਸ ਵਿਚ ਟਵਿਸਟ ਲਿਆਓ। ਲਿਖਣ ’ਚ ਥੋੜ੍ਹਾ ਟਾਈਮ ਲੱਗ ਜਾਂਦਾ ਹੈ ਕਿਉਂਕਿ ਮੇਰੇ ਕੋਲ ਕੋਈ ਕ੍ਰਾਫਟ ਨਹੀਂ ਹੈ। ਇਸ ਸੀਰੀਜ਼ ’ਚ ਹਰ ਸੀਨ ’ਚ ਟਵਿਸਟ ਹੈ।

ਸੀਰੀਜ਼ ’ਚ ਡਰਾਮਾ, ਰੋਮਾਂਸ ਅਤੇ ਐਕਸ਼ਨ ਹੈ। ਇਸ ਦੇ ਨਾਲ ਹੀ ਇਹ ਥ੍ਰਿਲਰ ਵੀ ਹੈ ਤਾਂ ਸਭ ਨੂੰ ਇਕੱਠੇ ਲਿਆਉਣ ਦਾ ਤੁਹਾਡਾ ਕੀ ਤਰੀਕਾ ਹੈ?

ਮੇਰੇ ਲਈ ਇਹ ਇਕ ਲਵ ਸਟੋਰੀ ਹੈ, ਜਿਸ ਵਿਚ ਹਰ ਕਿਸੇ ਦੇ ਪਿਆਰ ਦੀ ਕਹਾਣੀ ਹੈ। ਕਹਾਣੀ ਵਿਚ ਜੋ ਹੋ ਰਿਹਾ ਹੈ, ਸਭ ਆਪਣੇ ਪਿਆਰ ਦੀ ਵਜ੍ਹਾ ਨਾਲ ਕਰ ਰਹੇ ਹਨ। ਪਿਆਰ ਅਤੇ ਜੰਗ ਵਿਚ ਸਭ ਜਾਇਜ਼ ਹੈ, ਇਹ ਤੁਹਾਨੂੰ ਇਸ ਸੀਰੀਜ਼ ਵਿਚ ਪਤਾ ਲੱਗੇਗਾ। ਲਵ ਸਟੋਰੀ ਦੇ ਨਾਲ-ਨਾਲ ਹੀ ਐਕਸ਼ਨ, ਡਰਾਮਾ ਅਤੇ ਥ੍ਰਿਲਰ ਸਭ ਚੱਲਦਾ ਰਹੇਗਾ।

ਕੀ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਸੀ ਕਿ ਤੁਸੀਂ ਸੀਰੀਜ਼ ਦਾ ਦੂਜਾ ਸੀਜ਼ਨ ਲਿਆਓਗੇ?

ਹਾਂ, ਮੈਂ ਸੋਚਿਆ ਸੀ ਕਿ ਮੈਂ ਇਸ ਦਾ ਦੂਜਾ ਸੀਜ਼ਨ ਲੈ ਕੇ ਆਵਾਂਗਾ। ਇਹ ਪਹਿਲਾਂ ਹੀ ਤੈਅ ਹੋ ਗਿਆ ਸੀ ਕਿ ਇੰਨਾ ਪਾਰਟ ਪਹਿਲੇ ਸੀਜ਼ਨ ਵਿਚ ਦਿਖਾਇਆ ਜਾਵੇਗਾ ਅਤੇ ਉਸ ਦੇ ਅੱਗੇ ਦਾ ਸੀਜ਼ਨ 2 ਵਿਚ ਦਿਖਾਇਆ ਜਾਵੇਗਾ।

ਤਾਹਿਰ ਰਾਜ ਭਸੀਨ

‘ਯੇ ਕਾਲੀ-ਕਾਲੀ ਆਂਖੇਂ’ ਪ੍ਰਾਜੈਕਟ ਤੁਹਾਡੇ ਲਈ ਕਿੰਨਾ ਖ਼ਾਸ ਹੈ?

‘ਯੇ ਕਾਲੀ-ਕਾਲੀ ਆਂਖੇਂ’ ਸੀਰੀਜ਼ ਮੇਰੇ ਲਈ ਬਹੁਤ ਖ਼ਾਸ ਹੈ। ਇਸ ਤੋਂ ਪਹਿਲਾਂ ਵੀ ਆਪਣੇ ਕਰੀਅਰ ’ਚ ਮੈਂ ਜੋ ਕੰਮ ਕੀਤਾ, ਉਸ ਲਈ ਮੇਰੇ ਕੰਮ ਦੀ ਤਾਰੀਫ਼ ਹੋਈ। ਇਹ ਇਕ ਅਜਿਹਾ ਪ੍ਰਾਜੈਕਟ ਹੈ, ਜੋ ਇਸ ਸੂਚੀ ’ਚ ਸਭ ਤੋਂ ਅਲੱਗ ਹੈ ਕਿਉਂਕਿ ਮੈਨੂੰ ਸਕਰੀਨ ’ਤੇ ਅਜਿਹੇ ਹੀਰੋ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ, ਜੋ ਜ਼ਰੂਰਤ ਪੈਣ ’ਤੇ ਬੇਹੱਦ ਗ੍ਰੇ ਵੀ ਹੋ ਜਾਂਦਾ ਹੈ। ਉਹ ਫਿਰ ਵੀ ਭਰੋਸੇਮੰਦ ਹੈ। ‘ਯੇ ਕਾਲੀ-ਕਾਲੀ ਆਂਖੇਂ’ ਅਜਿਹਾ ਪ੍ਰਾਜੈਕਟ ਹੈ, ਜਿਸ ਨਾਲ ਮੈਨੂੰ ਕਈ ਚੀਜ਼ਾਂ ਲਈ ਸਭ ਤੋਂ ਵੱਧ ਪ੍ਰਸ਼ੰਸਾ ਮਿਲੀ ਹੈ।

ਸੀਰੀਜ਼ ਦੇ ਦੂਜੇ ਸੀਜ਼ਨ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ?

ਇਸ ਸੀਜ਼ਨ ਲਈ ਮੈਂ ਰੋਮਾਂਚਿਤ ਹਾਂ ਕਿ ਪਹਿਲੇ ਹਿੱਟ ਸੀਜ਼ਨ ਤੋਂ ਬਾਅਦ ਮੈਨੂੰ ਇਸ ਨਵੇਂ ਸੀਜ਼ਨ ਵਿਚ ਪਿਆਰ ਤੇ ਵੱਧ ਪ੍ਰਸ਼ੰਸਾ ਮਿਲਣ ਦੀ ਉਮੀਦ ਹੈ। ਨਾਇਕ ਦੀ ਭੂਮਿਕਾ ਨਿਭਾਉਣਾ ਹਰ ਅਦਾਕਾਰ ਦਾ ਸੁਪਨਾ ਹੁੰਦਾ ਹੈ ਅਤੇ ਮੈਂ ‘ਯੇ ਕਾਲੀ-ਕਾਲੀ ਆਂਖੇਂ’ ਨਾਲ ਇਸ ਨੂੰ ਫਿਰ ਤੋਂ ਜਿਊਣ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਥ੍ਰਿਲਰ ਸੀਰੀਜ਼ ਇਕ ਵਾਰ ਫਿਰ ਪਸੰਦ ਆਵੇਗੀ।

ਸ਼ਵੇਤਾ ਤ੍ਰਿਪਾਠੀ

 ਇਸ ਸੀਰੀਜ਼ ਦਾ ਦੂਜਾ ਪਾਰਟ ਆਉਣ ’ਚ ਦੋ ਸਾਲ ਲੱਗ ਗਏ ਤਾਂ ਇਸ ਦੌਰਾਨ ਤੁਹਾਡੇ ਲਈ ਕਿੰਨਾ ਕੁਝ ਬਦਲਿਆ?

ਜਿਉਂ ਹੀ ਅਸੀਂ ਪਹਿਲਾ ਸੀਜ਼ਨ ਖ਼ਤਮ ਕੀਤਾ ਤਾਂ ਉਸ ਤੋਂ ਬਾਅਦ ਖ਼ੁਦ ਲੱਗਦਾ ਸੀ ਕਿ ਅੱਗੇ ਇਨ੍ਹਾਂ ਨਾਲ ਕੀ ਹੋਵੇਗਾ ਕਿਉਂਕਿ ਅਸੀਂ ਖ਼ੁਦ ਵੀ ਇਕ ਕਿਰਦਾਰ ਨੂੰ ਜਿਊਂਦੇ ਹਾਂ। ਦੂਜੇ ਸੀਜ਼ਨ ਬਾਰੇ ਸਾਨੂੰ ਵੀ ਉਸੇ ਸਮੇਂ ਪਤਾ ਲੱਗਦਾ ਹੈ। ਸਿਧਾਰਥ ਸਰ ਬਹੁਤ ਸਾਰੇ ਡ੍ਰਾਫਟ ਰੱਖਦੇ ਹਨ ਆਪਣੇ ਕੋਲ, ਤੁਸੀਂ ਕੁਝ ਐਪੀਸੋਡ ਵੇਖਦੇ ਹੋ ਪਰ ਮੈਂ ਉਸ ਦੇ ਕਈ ਵੈਰੀਏਸ਼ਨ ਪੜ੍ਹੇ ਹਨ ਤਾਂ ਕਾਫ਼ੀ ਕੁਝ ਬਦਲਦਾ ਹੈ।

 ਇਕ ਹੀ ਕਿਰਦਾਰ ਨੂੰ ਦੁਬਾਰਾ ਨਿਭਾਉਣ ਵਿਚ ਕੀ ਚੁਣੌਤੀਆਂ ਆਉਂਦੀਆਂ ਹਨ?

ਕਿਰਦਾਰ ਉਹੀ ਰਹਿੰਦਾ ਹੈ ਪਰ ਉਸ ਦੇ ਹਾਲਾਤ, ਉਸ ਦੇ ਈਵੈਂਟਸ ਸਭ ਬਦਲ ਜਾਂਦੇ ਹਨ। ਕਿਤੇ ਨਾ ਕਿਤੇ ਤੁਹਾਨੂੰ ਉਹ ਆਪਣਾ ਕੋਰ ਫੜ ਕੇ ਉਸ ਨਾਲ ਐਡਜਸਟ ਕਰਨਾ ਪੈਂਦਾ ਹੈ ਕਿ ਹੁਣ ਕੀ ਹੋ ਰਿਹਾ ਹੈ, ਹੁਣ ਕੀ ਕਰਨਾ ਹੈ। ਇਹ ਵੀ ਸੋਚਣਾ ਹੁੰਦਾ ਹੈ ਕਿ ਇਹ ਜੋ ਹੋ ਰਿਹਾ ਹੈ, ਕਿਸੇ ਦੀ ਜ਼ਿੰਦਗੀ ਦਾ ਪਾਰਟ ਹੈ ਹੀ ਨਹੀਂ ਤੇ ਲੰਬੇ ਸਮੇਂ ਤੱਕ ਉਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਅਸੀਂ ਉਸ ਦੇ ਆਦੀ ਵੀ ਨਹੀਂ ਰਹਿ ਜਾਂਦੇ ਪਰ ਮਜ਼ੇਦਾਰ ਹਿੱਸਾ ਇਹੀ ਹੁੰਦਾ ਹੈ। ਦੂਜੇ ਸੀਜ਼ਨ ਵਿਚ ਮੇਰੀ ਪਸੰਦ ਦੇ ਕਈ ਸੀਨ ਹਨ ਤੇ ਉਨ੍ਹਾਂ ਨੂੰ ਕਰਨ ਵਿਚ ਮੈਨੂੰ ਬਹੁਤ ਮਜ਼ਾ ਵੀ ਆਇਆ।

ਗੁਰਮੀਤ ਚੌਧਰੀ

ਪਹਿਲਾ ਸੀਜ਼ਨ ਬਹੁਤ ਹਿੱਟ ਹੋਇਆ, ਕੀ ਦੂਜੇ ਸੀਜ਼ਨ ਦਾ ਹਿੱਸਾ ਬਣਨ ਦਾ ਇਹੀ ਕਾਰਨ ਸੀ?

ਪਹਿਲੀ ਵਜ੍ਹਾ ਤਾਂ ਇਹੀ ਸੀ। ਇਸ ਤੋਂ ਇਲਾਵਾ ਕਾਫ਼ੀ ਚੰਗੇ ਐਕਟਰ ਸਨ। ਜਦੋਂ ਤੁਸੀਂ ਚੰਗੇ ਐਕਟਰਾਂ ਨਾਲ ਕੰਮ ਕਰਦੇ ਹੋ ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋ। ਫਿਰ ਜਦੋਂ ਮੈਂ ਸਿਧਾਰਥ ਸਰ ਨੂੰ ਮਿਲਿਆ ਤਾਂ ਲੱਗਿਆ ਕਿ ਮੈਂ ਸਹੀ ਹੱਥਾਂ ਵਿਚ ਹਾਂ ਤੇ ਮੈਂ ਕੁਝ ਕਰ ਸਕਦਾ ਹਾਂ। ਇਸ ਸੀਰੀਜ਼ ਨੂੰ ਕਰਨ ਦਾ ਸਰ ਅਤੇ ਦੇਬੀਨਾ ਬਹੁਤ ਵੱਡਾ ਕਾਰਨ ਸਨ। ਇਹ ਮੇਰਾ ਓ. ਟੀ. ਟੀ. ਡੈਬਿਊ ਵੀ ਹੈ। ਲਾਕਡਾਊਨ ਤੋਂ ਪਹਿਲਾਂ ਕਈ ਆਫਰ ਆਏ ਪਰ ਮੈਂ ਮਨ੍ਹਾ ਕਰਦਾ ਸੀ। ਮੈਂ ਉਦੋਂ ਟੀ. ਵੀ. ਕਰ ਰਿਹਾ ਸੀ। ਉਦੋਂ ਮੇਰੇ ਮਨ ਵਿਚ ਸੀ ਕਿ ਮੈਂ ਓ. ਟੀ. ਟੀ. ’ਚ ਕਿਉਂ ਆਵਾਂ? ਉਦੋਂ ਓ. ਟੀ. ਟੀ. ਇੰਨਾ ਵੱਡਾ ਵੀ ਨਹੀਂ ਸੀ। ਫਿਰ ਓ. ਟੀ. ਟੀ. ਕਾਫ਼ੀ ਵੱਡੇ ਪੱਧਰ ਦਾ ਹੋ ਗਿਆ ਤਾਂ ਮੈਂ ਇਕ-ਦੋ ਸਾਲ ਇੰਤਜ਼ਾਰ ਕਰਦਾ ਰਿਹਾ ਕਿ ਮੈਂ ਕੀ ਕਰਨਾ ਹੈ। ਫਿਰ ਮੇਰੇ ਕੋਲ ਇਹ ਸੀਰੀਜ਼ ਆਈ।

ਤੁਹਾਡੇ ਲਈ ਸੀਜ਼ਨ-1 ਕਿੰਨਾ ਵੱਖ ਸੀ?

ਮੇਰੇ ਲਈ ਬਹੁਤ ਹੀ ਵੱਖ ਸੀ ਕਿਉਂਕਿ ਸਿਧਾਰਥ ਸਰ ਬਾਰੇ ਸੁਣਿਆ ਸੀ। ਜ਼ਿਆਦਾਤਰ ਐਕਟਰ ਸੋਚਦੇ ਹਨ ਕਿ ਉਨ੍ਹਾਂ ਨੂੰ ਸਭ ਆਉਂਦਾ ਹੈ ਪਰ ਜਦੋਂ ਮੈਂ ਰੋਲ ਅਦਾ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਪਰਿਵਾਰ ਤੇ ਸਿਧਾਰਥ ਸਰ ਸੀ। ਬਸ, ਜੋ ਉਹ ਬੋਲ ਰਹੇ ਹਨ, ਮੈਂ ਕਰਨਾ ਹੈ। ਜਦੋਂ ਮੈਂ ਕੰਮ ਕੀਤਾ ਅਤੇ ਥੋੜ੍ਹਾ ਬਹੁਤ ਜਾਣਿਆ ਤਾਂ ਲੱਗਿਆ ਕਿ ਮੈਂ ਕੁਝ ਅਲੱਗ ਕੀਤਾ ਹੈ।

ਆਂਚਲ ਸਿੰਘ

 ਪਹਿਲੇ ਸੀਜ਼ਨ ਵਿਚ ਤੁਹਾਡੇ ਕਾਫ਼ੀ ਸਾਰੇ ਸ਼ਾਟ ਤੇ ਐਕਸ਼ਨ ਸੀਨ ਸਨ ਤਾਂ ਕਿੰਨਾ ਮੁਸ਼ਕਲ ਸੀ ਉਨ੍ਹਾਂ ਨੂੰ ਸ਼ੂਟ ਕਰਨਾ?

ਪਹਿਲੇ ਹੀ ਐਪੀਸੋਡ ਵਿਚ ਉਹ ਪਾਰਟ ਸ਼ੂਟ ਕਰਨਾ ਕਾਫ਼ੀ ਮੁਸ਼ਕਲ ਸੀ। ਤੁਸੀਂ ਛੋਟਾ ਜਿਹਾ ਹਿੱਸਾ ਦੇਖਿਆ ਹੈ ਕਿ ਮੇਰੇ ਹੱਥ ਬੰਨ੍ਹੇ ਹੋਏ ਹਨ ਪਰ ਉਸ ਵਿਚ ਹੋਰ ਵੀ ਬਹੁਤ ਕੁਝ ਹੈ। ਕਿਹਾ ਜਾਵੇ ਤਾਂ ਤੁਸੀਂ ਰਾਈ ਵੇਖੀ ਹੈ, ਪਹਾੜ ਦੇਖਣਾ ਬਾਕੀ ਹੈ। ਬਹੁਤ ਸਾਰੇ ਸ਼ਾਟ ਕਰਨਾ ਕਾਫ਼ੀ ਚੁਣੌਤੀਪੂਰਨ ਰਿਹਾ।

ਸੀਰੀਜ਼ ਦੇ ਸੀਜ਼ਨ-2 ਦਾ ਤੁਹਾਨੂੰ ਕਿੰਨਾ ਇੰਤਜ਼ਾਰ ਸੀ?

ਜਿੰਨਾ ਤੁਸੀਂ ਇੰਤਜ਼ਾਰ ਕੀਤਾ, ਸੀਜ਼ਨ-2 ਲਈ ਉਸ ਤੋਂ ਕਿਤੇ ਜ਼ਿਆਦਾ ਅਸੀਂ ਕੀਤਾ। ਮੈਂ ਤੇ ਸ਼ਵੇਤਾ ਨੇ ਤਾਂ ਸਰ ਨੂੰ ਸੀਜ਼ਨ-2 ਨੂੰ ਲੈ ਕੇ ਖ਼ੂਬ ਪ੍ਰੇਸ਼ਾਨ ਕੀਤਾ। ਸਭ ਕਹਿੰਦੇ ਹਨ ਕਿ ਕੰਮ ਚੰਗਾ ਹੋ ਰਿਹਾ ਹੈ ਤਾਂ ਮਤਲਬ ਐਕਟਰ ਬਹੁਤ ਚੰਗਾ ਕਰ ਰਹੇ ਹਨ ਪਰ ਅਸੀਂ ਕਹਿੰਦੇ ਸੀ ਕਿ ਡਾਇਰੈਕਟਰ ਬਹੁਤ ਚੰਗੇ ਹਨ। ਡਾਇਰੈਕਟਰ ਹਮੇਸ਼ਾ ਤੁਹਾਨੂੰ ਦੱਸੇਗਾ ਕਿ ਕਿਵੇਂ ਕਰਨਾ ਹੈ ਅਤੇ ਕੀ ਕਰ ਕੇ ਨੈਚੁਰਲ ਨਿਕਲੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਵੀ ਕਰੋ, ਦਿਲ ਤੋਂ ਹੋਣਾ ਚਾਹੀਦਾ ਹੈ।

ਅਰੁਣੋਦਯ ਸਿੰਘ

ਇਕ ਹੀ ਕਿਰਦਾਰ ਨੂੰ ਦੁਬਾਰਾ ਨਿਭਾਉਣ ’ਚ ਕਿੰਨੀ ਕੁ ਤਬਦੀਲੀ ਆਉਂਦੀ ਹੈ?

ਕਿਰਦਾਰ ਉਹੀ ਹੁੰਦਾ ਹੈ ਪਰ ਤੁਸੀਂ ਜੋ ਪਹਿਲਾਂ ਸੀ, ਉਹ ਅੱਜ ਨਹੀਂ ਹੋ। ਆਦਮੀ ਉਹੀ ਹੈ ਪਰ ਤਜਰਬੇ ਬਦਲ ਚੁੱਕੇ ਹਨ। ਜੋ ਕਿਰਦਾਰ ਹਨ, ਉਹ ਵੀ ਅਲੱਗ-ਅਲੱਗ ਚੀਜ਼ਾਂ ਨੂੰ ਮਹਿਸੂਸ ਕਰ ਰਹੇ ਹਨ। ਤੁਸੀਂ ਇਕ ਇਨਸਾਨ ਹੋ, ਜਿਸ ਉੱਪਰ ਹਰ ਤਰ੍ਹਾਂ ਦੇ ਹਾਲਾਤ ਆ ਰਹੇ ਹਨ। ਚੀਜ਼ਾਂ ਲਗਾਤਾਰ ਬਦਲ ਰਹੀਆਂ ਹਨ ਭਾਵੇਂ ਹੀ ਕਿਰਦਾਰ ਉਹੋ ਹੋਵੇ।

ਤੁਹਾਡਾ ਸੌਰਭ ਸ਼ੁਕਲਾ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?

ਮੈਂ ਉਨ੍ਹਾਂ ਨਾਲ ਪਹਿਲਾਂ ਵੀ ਕੰਮ ਕਰ ਚੁੱਕਿਆ ਹਾਂ। ਉਹ ਮੇਰੀ ਪਸੰਦ ਵਾਲੇ ਕੋ-ਸਟਾਰਾਂ ’ਚੋਂ ਇਕ ਹਨ। ਉਨ੍ਹਾਂ ਨਾਲ ਜੇ ਪੂਰਾ ਦਿਨ ਵੀ ਇਕ ਸ਼ਾਟ ਦੇਣਾ ਪਵੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News