ਜਦੋਂ ਬਿੱਗ ਬੀ ਦੇ ਸਾਹਮਣੇ ਬੈਠ ਪੂਰਨ ਚੰਦ ਵਡਾਲੀ ਨੇ ਪੁੱਤਰ ਨੂੰ ਪੁੱਛਿਆ ''ਕੌਣ ਹੈ ਇਹ ਅਮਿਤਾਭ ਬੱਚਨ''?

06/05/2021 9:37:21 AM

ਚੰਡੀਗੜ੍ਹ (ਬਿਊਰੋ) : ਸੂਫ਼ੀ ਲੋਕ ਗਾਇਕ ਪੂਰਨ ਚੰਦ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਵਧੀਆ ਸੀਨੀਅਰ ਕਲਾਕਾਰ ਹਨ। ਉਹ ਨਾ ਸਿਰਫ਼ ਇੱਕ ਸੱਚੇ ਕਲਾਕਾਰ ਹਨ, ਸਗੋਂ ਬਹੁਤ ਸੁਲਝੇ ਤੇ ਮਾਸੂਮ ਕਿਸਮ ਦੇ ਇਨਸਾਨ ਹਨ। ਉਹ ਪੰਜਾਬੀ ਗੀਤ-ਸੰਗੀਤ ਨੂੰ ਨਵੇਂ ਸਿਖ਼ਰਾਂ ਤੱਕ ਲੈ ਕੇ ਗਏ ਹਨ ਤੇ ਉਨ੍ਹਾਂ ਦਾ ਪੰਜਾਬੀ ਉਦਯੋਗ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਹੈ।

ਅੱਜ ਤੁਹਾਨੂੰ ਪੂਰਨ ਚੰਦ ਦੇ ਜੀਵਨ ਦੀ ਇੱਕ ਬਹੁਤ ਮਜ਼ਾਕੀਆ ਘਟਨਾ ਬਾਰੇ ਦੱਸਦੇ ਹਾਂ, ਜਿਸ ਤੋਂ ਇਹੋ ਪਤਾ ਲੱਗਦਾ ਹੈ ਕਿ ਉਹ ਸੱਚਮੁਚ ਇੱਕ ਮਾਸੂਮ ਅਤੇ 'ਸੁਪਰ ਕਿਊਟ' ਕਿਸਮ ਦੇ ਇਨਸਾਨ ਹਨ। ਇਹ ਗੱਲ ਉਨ੍ਹਾਂ ਦੇ ਸੁਪਰਹਿੱਟ ਗੀਤ 'ਤੂੰ ਮਾਨੇ ਨਾ ਮਾਨੇ ਦਿਲਦਾਰਾ' ਦੀ ਮੁੰਬਈ 'ਚ ਹੋ ਰਹੀ ਰਿਕਾਰਡਿੰਗ ਸਮੇਂ ਦੀ ਹੈ। ਪੂਰਨ ਚੰਦ ਵਡਾਲੀ ਨਾਲ ਉਦੋਂ ਉਨ੍ਹਾਂ ਦਾ ਭਰਾ ਪਿਆਰੇ ਲਾਲ ਵਡਾਲੀ ਤੇ ਪੁੱਤਰ ਲਖਵਿੰਦਰ ਵਡਾਲੀ ਵੀ ਮੌਜੂਦ ਸਨ।

ਜਦੋਂ ਉਹ ਸਟੂਡੀਓ ਵਿਚ ਰਿਕਾਰਡਿੰਗ ਕਰ ਰਹੇ ਸਨ, ਤਾਂ ਉਸ ਸਮੇਂ ਉੱਥੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਆਏ ਸਨ, ਜਿਨ੍ਹਾਂ ਨੇ ਅਭਿਸ਼ੇਕ ਬੱਚਨ ਦੀ ਪਹਿਲੀ ਫ਼ਿਲਮ 'ਰਿਫ਼ਿਊਜੀ' ਲਈ ਥੋੜ੍ਹੀ ਜਿਹੀ ਰਿਕਾਰਡਿੰਗ ਕਰਨੀ ਸੀ। ਦਰਅਸਲ ਬਿੱਗ ਬੀ ਨੇ ਸਿਰਫ਼ ਇੱਕ ਡਾਇਲਾਗ ਹੀ ਡੱਬ ਕਰਨਾ ਸੀ। ਉਨ੍ਹਾਂ ਨੇ ਵਡਾਲੀ ਭਰਾਵਾਂ ਤੋਂ ਇਸ ਸਬੰਧੀ ਪਹਿਲਾਂ ਇਜਾਜ਼ਤ ਲੈ ਲਈ ਸੀ ਕਿਉਂਕਿ ਉਹ ਪਹਿਲਾਂ ਤੋਂ ਸਟੂਡੀਓ 'ਚ ਮੌਜੂਦ ਸਨ। ਜਦੋਂ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਟੂਡੀਓ ਵਿਚ ਅਮਿਤਾਭ ਬੱਚਨ ਆਏ ਹਨ ਤੇ ਉਨ੍ਹਾਂ ਨੂੰ ਸਿਰਫ਼ ਕੁਝ ਮਿੰਟਾਂ ਲਈ ਸਟੂਡੀਓ ਚਾਹੀਦਾ ਹੈ ਤਾਂ ਪੂਰਨ ਚੰਦ ਵਡਾਲੀ ਨੇ ਬਹੁਤ ਮਾਸੂਮੀਅਤ ਨਾਲ ਅੱਗਿਓਂ ਸਵਾਲ ਕੀਤਾ, 'ਅਮਿਤਾਭ ਬੱਚਨ ਕੌਣ ਹੈ'?

ਉਦੋਂ ਲਖਵਿੰਦਰ ਵਡਾਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਿਤਾਭ ਬੱਚਨ ਬਾਲੀਵੁੱਡ ਫ਼ਿਲਮ ਜਗਤ ਦੇ ਬਹੁਤ ਵੱਡੇ ਆਦਮੀ ਹਨ। ਤਾਂ ਪੂਰਨ ਚੰਦ ਵਡਾਲੀ ਨੇ ਆਪਣੇ ਭਰਾ ਤੋਂ ਇਸ ਬਾਰੇ ਪੁਸ਼ਟੀ ਵੀ ਕੀਤੀ ਸੀ। ਉਨ੍ਹਾਂ ਉਦੋਂ ਪੁੱਛਿਆ ਸੀ, ਕਿੰਨੇ ਕੁ ਵੱਡੇ ਹਨ ਉਹ? ਕੀ ਉਹ ਇੰਨੇ ਵੱਡੇ ਹਨ ਕਿ ਜ਼ਮੀਨ 'ਤੇ ਖੜ੍ਹ ਕੇ ਛੱਤ ਨੂੰ ਛੋਹ ਲੈਂਦੇ ਹਨ'?

ਇਹ ਘਟਨਾ ਉਦੋਂ ਹੋਰ ਵੀ ਮਜ਼ਾਕੀਆ ਰੂਪ ਅਖ਼ਤਿਆਰ ਕਰ ਗਈ, ਜਦੋਂ ਮਾਈਕ ਖੁੱਲ੍ਹੇ ਰਹਿ ਗਏ ਸਨ ਤੇ ਸਟੂਡੀਓ ਅੰਦਰ ਬੈਠੇ ਅਮਿਤਾਭ ਬੱਚਨ ਨੇ ਵਡਾਲੀ ਹੁਣਾ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਪੂਰਨ ਚੰਦ ਵਡਾਲੀ ਨਾਲ ਮੁਲਾਕਾਤ ਕਰਕੇ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਵੱਡੇ ਫ਼ੈਨ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਸਵਰਗੀ ਹਰਿਵੰਸ਼ ਰਾਏ ਬੱਚਨ ਸਦਾ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਦੇ ਹੁੰਦੇ ਸਨ।


sunita

Content Editor

Related News