ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ‘ਵਾਰਨਿੰਗ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼ (ਵੀਡੀਓ)

1/3/2021 12:56:00 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ 2 ਜਨਵਰੀ ਨੂੰ 38 ਸਾਲਾਂ ਦੇ ਹੋ ਗਏ ਹਨ। ਗਿੱਪੀ ਗਰੇਵਾਲ ਨੇ ਖਾਸ ਦਿਨ ਨੂੰ ਸਿਰਫ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਚਾਹੁਣ ਵਾਲਿਆਂ ਲਈ ਵੀ ਖਾਸ ਬਣਾਇਆ ਹੈ। ਜੀ ਹਾਂ, ਆਪਣੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੰਦਿਆਂ ‘ਵਾਰਨਿੰਗ’ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ।

49 ਸੈਕਿੰਡ ਦੇ ਇਸ ਧਮਾਕੇਦਾਰ ਟੀਜ਼ਰ ’ਚ ਗਿੱਪੀ ਗਰੇਵਾਲ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦਾ ਟੀਜ਼ਰ ਯੂਟਿਊਬ ’ਤੇ ਸੁਪਰਸਟਾਰ ਫ਼ਿਲਮਜ਼ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ ਸਾਢੇ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਦੱਸਣਯੋਗ ਹੈ ਕਿ ਫ਼ਿਲਮ ‘ਵਾਰਨਿੰਗ’ ਇਸੇ ਨਾਂ ਨਾਲ ਰਿਲੀਜ਼ ਹੋਈ ਵੈੱਬ ਸੀਰੀਜ਼ ਦੇ ਆਧਾਰਿਤ ਹੈ। ਇਹ ਫ਼ਿਲਮ ਪਹਿਲਾਂ ਸਾਲ 2020 ’ਚ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਰਕੇ ਇਸ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ। ਟੀਜ਼ਰ ਤੋਂ ਇੰਝ ਲੱਗਦਾ ਹੈ ਕਿ ਇਹ ਫ਼ਿਲਮ ਇਸੇ ਸਾਲ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਉਂਝ ਵੀ ਪਿਛਲੇ ਸਾਲ ਅਣਗਿਣਤ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਤੋਂ ਵਾਂਝੀਆਂ ਰਹਿ ਗਈਆਂ ਸਨ।

‘ਵਾਰਨਿੰਗ’ ਫ਼ਿਲਮ ’ਚ ਗਿੱਪੀ ਗਰੇਵਾਲ ਤੋਂ ਇਲਾਵਾ ਪ੍ਰਿੰਸ ਕੰਵਲ ਜੀਤ ਸਿੰਘ, ਧੀਰਜ ਕੁਮਾਰ, ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ ਤੇ ਹਨੀ ਮੱਟੂ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਅਮਰ ਹੁੰਦਲ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਨੂੰ ਲਿਖਿਆ ਤੇ ਪ੍ਰੋਡਿਊਸ ਖੁਦ ਗਿੱਪੀ ਗਰੇਵਾਲ ਨੇ ਕੀਤਾ ਹੈ।

ਨੋਟ– ‘ਵਾਰਨਿੰਗ’ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh