ਸਿਨਸਿਨਾਟੀ ''ਚ ਹੋਏ ''ਪੰਜਾਬੀ ਵਿਰਸਾ'' ਸ਼ੋਅ ਨੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ

04/26/2016 7:19:31 AM

ਜਲੰਧਰ : ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਆਪਣੀ ਗਾਇਕੀ ਨਾਲ ਅਮਰੀਕਾ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ ਨਮੂਨਾ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਦੇ ਸ਼ੋਅ ਵਿਚ ਦੇਖਣ ਨੂੰ ਮਿਲਿਆ, ਜਿਥੋਂ ਦੇ ਮੇਸਨ ਮਿਡਲ ਸਕੂਲ ਵਿਚ ਵਾਰਿਸ ਭਰਾਵਾਂ ਦੀ ਗਾਇਕੀ ਨੂੰ ਸੁਣਨ ਲਈ ਇੰਨੀ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਕਿ ਇਹ ਸ਼ੋਅ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿਚ ਸਫਲ ਰਿਹਾ। ਇਸ ਸ਼ੋਅ ਦਾ ਆਯੋਜਨ ਸੋਨੀ ਡੀ. ਜੇ.  ਤੇ ਭਿੰਦਾ ਵੜੈਚ ਵਲੋਂ ਕੀਤਾ ਗਿਆ। ਹਾਲ ਵਿਚ ਦਰਸ਼ਕਾਂ ਦੇ ਪਹੁੰਚਣ ਦਾ ਸਿਲਸਿਲਾ ਕਰੀਬ ਇਕ ਘੰਟਾ ਪਹਿਲਾਂ ਸ਼ੁਰੂ ਹੋ ਗਿਆ ਸੀ। ਇਸ ਸ਼ੋਅ ਦੌਰਾਨ ਸਾਊਂਡ, ਸੁਰੱਖਿਆ ਤੇ ਲਾਈਟ ਦੇ ਬਹੁਤ ਹੀ ਵਧੀਆ ਪ੍ਰਬੰਧ  ਕੀਤੇ ਗਏ ਸਨ। ਨਿਰਧਾਰਿਤ ਸਮੇਂ ''ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਲੋਂ ਵਾਰਿਸ ਭਰਾਵਾਂ ਨੂੰ ਸਟੇਜ ''ਤੇ ਆਉਣ ਦਾ ਸੱਦਾ ਦਿੱਤਾ ਗਿਆ।
ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ ''ਤੇ ਆਏ ਤਾਂ ਉਥੇ ਠਾਠਾਂ ਮਾਰਦੇ ਇਕੱਠ ਨੂੰ ਵਾਰਿਸ ਭਰਾਵਾਂ ਦੀ ਗਾਇਕੀ ਨੇ ਚਾਰ ਘੰਟੇ ਕੀਲ ਕੇ ਬਿਠਾਈ ਰੱਖਿਆ। ਸ਼ੋਅ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਦੀ ਗਾਥਾ ਨਾਲ  ਕੀਤੀ ਤੇ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਜਦੋਂ ਆਪਣਾ ਨਵਾਂ ਗੀਤ ਗਾਇਆ ਤਾਂ ਨੌਜਵਾਨਾਂ ਦਾ ਜੋਸ਼ ਦੇਖਣ ਵਾਲਾ ਸੀ। ਫੇਰ ਵਾਰੀ ਆਈ ਕਮਲ ਹੀਰ ਦੀ, ਜਿਸਨੂੰ ਦੇਖਣ ਲਈ ਮੁੰਡੇ-ਕੁੜੀਆਂ ਵਿਚ ਪਹਿਲਾਂ ਹੀ ਕਾਫੀ ਉਤਸੁਕਤਾ ਪਾਈ ਜਾ ਰਹੀ ਸੀ। ਕਮਲ ਹੀਰ ਨੇ ਸਟੇਜ ''ਤੇ ਆਉਂਦਿਆਂ ਹੀ ਉੱਤੇਥਲੀ ਆਪਣੇ ਨਵੇਂ ਗੀਤ ''ਯਾਰ ਹੁੰਦੇ ਵਿਰਲੇ'', ''ਤੇ ਛੱਲੇ ਉੱਤੇ ਨਾਂ ਯਾਰ ਦਾ'' ਸਮੇਤ ਬਹੁਤ ਸਾਰੇ ਨਵੇਂ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਵਿਚ ਜੋਸ਼ ਭਰ ਦਿੱਤਾ। ਸ਼ੋਅ ਦੇ ਅਖੀਰ ਵਿਚ ਸਟੇਜ ਸੰਭਾਲੀ ਪੰਜਾਬੀ ਵਿਰਸੇ ਦੇ ਵਾਰਿਸ ਤੇ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ''ਤੇ ਰਾਜ਼ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ''ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ'' ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਭਾਵੁਕ  ਕਰ ਦਿੱਤਾ ਤੇ ਇਸ ਤੋਂ ਬਾਅਦ ਲਗਾਤਾਰ ''ਮੈਂ ਗਲ ਨਾਲ ਲਾ ਕੇ ਰੱਖਦੀ ਆਂ ਤੇਰੇ ਪਰਨੇ ਨੂੰ ਅੜਿਆ, ਤੇ ''ਨੀ ਆਜਾ ਭਾਬੀ ਝੂਟ ਲੈ'' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ, ਸੋਨੀ ਡੀ. ਜੇ. ਤੇ ਭਿੰਦਾ ਵੜੈਚ ਆਦਿ ਹਾਜ਼ਰ ਸਨ।


Related News