‘ਏ ਮੇਰੇ ਵਤਨ ਕੇ ਲੋਗੋ’ ਗਾਣੇ ਬਾਰੇ ਵਿਸ਼ਾਲ ਡਡਲਾਨੀ ਨੇ ਦਿੱਤੀ ਗਲਤ ਜਾਣਕਾਰੀ, ਲੋਕਾਂ ਨੇ ਕੱਢਿਆ ਗੁੱਸਾ

01/25/2021 12:56:05 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਆਪਣੇ ਬਿਆਨਾਂ ਕਾਰਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਵਾਰ ਮਸ਼ਹੂਰ ਗਾਇਕ ਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਆਪਣੇ ਇਕ ਬਿਆਨ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਨਾਲ ਹੀ ਉਨ੍ਹਾਂ ਨੂੰ ਨਿੰਦਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਹ ਬਿਆਨ ਹਿੰਦੀ ਸਿਨੇਮਾ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੇ ਇਕ ਗਾਣੇ ਨੂੰ ਲੈ ਕੇ ਦਿੱਤਾ ਹੈ।

ਦਰਅਸਲ ਇਨ੍ਹੀਂ ਦਿਨੀਂ ਵਿਸ਼ਾਲ ਡਡਲਾਨੀ ਟੀ. ਵੀ. ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਦੇ ਜੱਜ ਹਨ। ਹਾਲ ਹੀ ’ਚ ਇਸ ਸ਼ੋਅ ’ਚ ਇਕ ਮੁਕਾਬਲੇਬਾਜ਼ ਨੇ ਲਤਾ ਮੰਗੇਸ਼ਕਰ ਦਾ ਦੇਸ਼ ਭਗਤੀ ਤੋਂ ਪ੍ਰੇਰਿਤ ਸਦਾਬਹਾਰ ਗੀਤ ‘ਏ ਮੇਰੇ ਵਤਨ ਕੇ ਲੋਗੋ’ ਗਾਇਆ। ਇਸ ਗੀਤ ਤੋਂ ਬਾਅਦ ਵਿਸ਼ਾਲ ਨੇ ਮੁਕਾਬਲੇਬਾਜ਼ ਦੀ ਤਾਰੀਫ਼ ਕੀਤੀ। ਨਾਲ ਹੀ ਉਨ੍ਹਾਂ ਨੇ ਲਤਾ ਮੰਗੇਸ਼ਕਰ ਦੇ ਇਸ ਗੀਤ ਬਾਰੇ ਗੱਲ ਕਰਦਿਆਂ ਤੱਥਾਂ ਨੂੰ ਗਲਤ ਦੱਸਿਆ, ਜਿਸ ਦੇ ਚਲਦਿਆਂ ਵਿਸ਼ਾਲ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ।

ਵਿਸ਼ਾਲ ਨੇ ਮੁਕਾਬਲੇਬਾਜ਼ ਨੂੰ ਕਿਹਾ ਕਿ ‘ਏ ਮੇਰੇ ਵਤਨ ਕੇ ਲੋਗੋ’ ਗਾਣੇ ਨੂੰ ਖ਼ੁਦ ਲਤਾ ਮੰਗੇਸ਼ਕਰ ਨੇ 1947 ’ਚ ਦੇਸ਼ ਦੇ ਪਹਿਲੇ ਪੀ. ਐੱਮ. ਜਵਾਹਰ ਲਾਲ ਨਹਿਰੂ ਲਈ ਗਾਇਆ ਸੀ। ਇਹ ਦੁਨੀਆ ਦਾ ਇਕ-ਮਾਤਰ ਗਾਣਾ ਹੈ, ਜੋ ਅਸਲ ’ਚ ਆਲ ਟਾਈਮ ਹਿੱਟ ਹੈ। ਲਤਾ ਮੰਗੇਸ਼ਕਰ ਜਿਹਾ ਤਾਂ ਕੋਈ ਨਹੀਂ ਗਾ ਸਕਦਾ। ਇਸ ਦੀ ਧੁੰਨ ਵੀ ਚੰਗੀ ਬਣਾਈ ਗਈ ਹੈ ਪਰ ਤੁਹਾਡੀ ਕੋਸ਼ਿਸ਼ ਬਹੁਤ ਵਧੀਆ ਹੈ।

ਅਸਲ ’ਚ ‘ਏ ਮੇਰੇ ਵਤਨ ਕੇ ਲੋਗੋ’ ਗੀਤ ਨੂੰ 1962 ’ਚ ਕਵੀ ਪ੍ਰਦੀਪ ਨੇ ਲਿਖਿਆ ਸੀ। ਇਸ ਗੀਤ ਦੀ ਧੁੰਨ ਉਸ ਸਮੇਂ ਦੇ ਮਸ਼ਹੂਰ ਸੰਗੀਤਕਾਰ ਰਹੇ ਸੀ. ਰਾਮਚੰਦਰਨ ਨੇ ਦਿੱਤੀ ਸੀ ਤੇ ਲਤਾ ਮੰਗੇਸ਼ਕਰ ਨੇ ਗਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਗੀਤ ਨੂੰ ਬਣਾਉਣ ਦਾ ਮਕਸਦ 1962 ’ਚ ਚੀਨ ਦੇ ਵਿਸ਼ਵਾਸਘਾਤ ਤੇ ਉਸ ਤੋਂ ਮਿਲੀ ਲੜਾਈ ’ਚ ਹਾਰ ਤੋਂ ਬਾਅਦ ਭਾਰਤੀਆਂ ਦਾ ਮਨੋਬਲ ਵਧਾਉਣਾ ਸੀ, ਜੋ ਚੀਨ ਦੇ ਹਮਲੇ ਤੇ ਭਾਰਤ ਦੀ ਕਰਾਰੀ ਹਾਰ ਤੋਂ ਬਾਅਦ ਡਿੱਗ ਚੁੱਕਾ ਸੀ।

ਇਕ ਟਵਿਟਰ ਯੂਜ਼ਰ ਨੇ ਟਵੀਟ ਕਰਦਿਆਂ ਲਿਖਿਆ, ‘ਇਹ ਹੈ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਡਡਲਾਨੀ। ਇਤਿਹਾਸ, ਸੰਗੀਤ ਤੇ ਭਾਰਤ ਰਤਨ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਦੋ-ਦੋ ਲੋਕਾਂ ਬਾਰੇ ਉਨ੍ਹਾਂ ਨੂੰ ਬੇਹੱਦ ਖ਼ਰਾਬ ਜਾਣਕਾਰੀ ਹੈ।’

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News