ਅਦਾਕਾਰ ਵਿਜੇ ਦੀ ਰੈਲੀ ''ਚ ਭਾਜੜ, 39 ਦੀ ਮੌਤ, ਇਸ ਕਾਰਨ ਬੇਕਾਬੂ ਹੋਈ ਸੀ ਭੀੜ
Sunday, Sep 28, 2025 - 11:56 AM (IST)

ਐਂਟਰਟੇਨਮੈਂਟ ਡੈਸਕ- ਤਮਿਲਨਾਡੂ ਦੇ ਕਰੂਰ 'ਚ ਸ਼ਨੀਵਾਰ ਸ਼ਾਮ ਨੂੰ ਅਦਾਕਾਰ ਵਿਜੇ ਦੀ ਰੈਲੀ ਦੌਰਾਨ ਭਿਆਨਕ ਭਾਜੜ ਪੈ ਗਈ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਅਨੁਸਾਰ, ਇਸ ਹਾਦਸੇ 'ਚ 39 ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ 'ਚ 16 ਔਰਤਾਂ ਅਤੇ 10 ਬੱਚੇ ਵੀ ਸ਼ਾਮਲ ਹਨ। 51 ਲੋਕ ਗੰਭੀਰ ਜ਼ਖ਼ਮੀ ਹਨ ਅਤੇ ਆਈਸੀਯੂ 'ਚ ਦਾਖ਼ਲ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਹਾਦਸੇ ਦਾ ਕਾਰਨ ਕੀ ਸੀ?
ਪੁਲਸ ਮੁਤਾਬਕ, ਵਿਜੇ ਦੀ ਰੈਲੀ ਲਈ 10 ਹਜ਼ਾਰ ਲੋਕਾਂ ਦੀ ਪਰਮਿਸ਼ਨ ਸੀ, ਪਰ 1 ਲੱਖ 20 ਹਜ਼ਾਰ ਸਕਵੇਅਰ ਫੁੱਟ ਖੇਤਰ 'ਚ 50 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋ ਗਏ। ਵਿਜੇ ਤਕਰੀਬਨ 6 ਘੰਟੇ ਦੀ ਦੇਰੀ ਨਾਲ ਮੰਚ ’ਤੇ ਪਹੁੰਚੇ। ਇਸ ਦੌਰਾਨ ਪਤਾ ਲੱਗਾ ਕਿ ਇਕ 9 ਸਾਲ ਦੀ ਬੱਚੀ ਗੁੰਮ ਹੋ ਗਈ ਹੈ। ਵਿਜੇ ਨੇ ਮੰਚ ਤੋਂ ਲੋਕਾਂ ਨੂੰ ਬੱਚੀ ਨੂੰ ਲੱਭਣ ਦੀ ਅਪੀਲ ਕੀਤੀ, ਜਿਸ ਕਾਰਨ ਭਾਜੜ ਦੀ ਸਥਿਤੀ ਬਣ ਗਈ।
CM ਸਟਾਲਿਨ ਦੀ ਕਾਰਵਾਈ
ਮੁੱਖ ਮੰਤਰੀ ਸਟਾਲਿਨ ਨੇ ਰਾਤ ਨੂੰ ਹੀ ਹਾਈਲੇਵਲ ਮੀਟਿੰਗ ਬੁਲਾਈ ਅਤੇ ਦੇਰ ਰਾਤ ਕਰੂਰ ਪਹੁੰਚੇ। ਉਨ੍ਹਾਂ ਨੇ ਹਸਪਤਾਲ 'ਚ ਜਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।
ਵਿਜੇ ਦੀ ਪ੍ਰਤੀਕ੍ਰਿਆ
ਹਾਦਸੇ ਤੋਂ ਬਾਅਦ ਵਿਜੇ ਜ਼ਖ਼ਮੀਆਂ ਨੂੰ ਮਿਲਣ ਦੀ ਬਜਾਏ ਸਿੱਧੇ ਚਾਰਟਡ ਫਲਾਈਟ ਰਾਹੀਂ ਚੇਨਈ ਚਲੇ ਗਏ। ਉਨ੍ਹਾਂ ਨੇ ਜਨਤਕ ਤੌਰ ’ਤੇ ਕੋਈ ਹਮਦਰਦੀ ਨਹੀਂ ਦਿੱਤੀ। ਹਾਲਾਂਕਿ, ਉਨ੍ਹਾਂ ਨੇ X ’ਤੇ ਲਿਖਿਆ,“ਮੇਰਾ ਦਿਲ ਟੁੱਟ ਗਿਆ ਹੈ। ਮੈਂ ਬਹੁਤ ਦਰਦ ਅਤੇ ਦੁੱਖ ਮਹਿਸੂਸ ਕਰ ਰਿਹਾ ਹਾਂ। ਕਰੂਰ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਪੁਲਸ ਕਾਰਵਾਈ
ਕਰੂਰ ਟਾਊਨ ਪੁਲਸ ਨੇ TVK ਦੇ ਕਰੂਰ ਵੈਸਟ ਜ਼ਿਲ੍ਹਾ ਸਕੱਤਰ ਵੀਪੀ ਮਥਿਆਜ਼ਾਗਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਦੇ ਅਨੁਸਾਰ, ਵੈਲੀਸਮੁਪੁਰਮ 'ਚ ਪ੍ਰਚਾਰ ਪ੍ਰੋਗਰਾਮ ਦੌਰਾਨ ਨਿਯਮਾਂ ਦੀ ਉਲੰਘਣਾ ਹੋਈ, ਜਿਸ ’ਤੇ BNS ਦੀਆਂ ਧਾਰਾਵਾਂ 109, 110, 125B, 223 ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8