ਨਿਰਮਾਤਾ ਬਣੇ ਅਦਾਕਾਰ ਵਿਧੁਤ ਜੰਮਵਾਲ, ਜਾਸੂਸੀ ਥ੍ਰਿਲਰ ਫ਼ਿਲਮ ਦਾ ਕੀਤਾ ਐਲਾਨ
Friday, Jan 14, 2022 - 06:49 PM (IST)
ਮੁੰਬਈ (ਬਿਊਰੋ)– ਵਿਧੁਤ ਜੰਮਵਾਲ ਹੁਣ ਆਪਣਾ ਪ੍ਰੋਡਕਸ਼ਨ ਹਾਊਸ ‘ਐਕਸ਼ਨ ਹੀਰੋ ਫਿਲਮਜ਼’ ਲਾਂਚ ਕਰਕੇ ਨਿਰਮਾਤਾ ਬਣ ਗਏ ਹਨ। ਵਿਧੁਤ ਨਿਰਮਾਤਾ ਸੰਕਲਪ ਰੈੱਡੀ ਨਾਲ ਮਿਲ ਕੇ ਆਪਣੀ ਪਹਿਲੀ ਜਾਸੂਸੀ ਥ੍ਰਿਲਰ ਫ਼ਿਲਮ ‘IB 71’ ਬਣਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’
ਵਿਧੁਤ ਨੇ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਸ਼ਾਨਦਾਰ ਕਹਾਣੀ ਦਿਖਾਉਣ ਲਈ ਮੁੰਬਈ ’ਚ ਫ਼ਿਲਮ ਦਾ ਪਹਿਲਾ ਸ਼ੈਡਿਊਲ ਸ਼ੁਰੂ ਕੀਤਾ ਹੈ। ਵਿਧੁਤ ਲਈ ਇਹ ਨਵੀਂ ਸ਼ੁਰੂਆਤ ਹੈ ਤੇ ਉਨ੍ਹਾਂ ਦੀ ਪਹਿਲੀ ਫ਼ਿਲਮ ਸ਼ੂਟਿੰਗ ਫਲੋਰ ’ਤੇ ਆ ਚੁੱਕੀ ਹੈ। ਵਿਧੁਤ ਜੰਮਵਾਲ ਇਕ ਖ਼ੁਫ਼ੀਆ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ‘ਆਈ. ਬੀ. 71’ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ, ਕਿਸ ਤਰ੍ਹਾਂ ਭਾਰਤੀ ਖ਼ੁਫ਼ੀਆ ਅਧਿਕਾਰੀਆਂ ਨੇ ਪੂਰੇ ਪਾਕਿਸਤਾਨੀ ਦਫ਼ਤਰ ਨੂੰ ਚਕਮਾ ਦੇ ਦਿੱਤਾ ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਦੋ ਮੋਰਚਿਆਂ ਦੀ ਜੰਗ ਦਾ ਸਾਹਮਣਾ ਕਰਨ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ। ਇਸ ਦਮਦਾਰ ਫ਼ਿਲਮ ਨੂੰ ਸੰਕਲਪ ਰੈੱਡੀ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ, ਜਿਸ ਨੇ ਫ਼ਿਲਮ ‘ਗਾਜ਼ੀ’ ਦੇ ਸੰਵੇਦਨਸ਼ੀਲ ਵਿਸ਼ੇ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ।
ਫ਼ਿਲਮ ਦੇ ਪਹਿਲੇ ਸ਼ੈਡਿਊਲ ਬਾਰੇ ਗੱਲ ਕਰਦਿਆਂ ਵਿਧੁਤ ਨੇ ਕਿਹਾ, “ਇਹ ਮੇਰੇ ਪ੍ਰੋਡਕਸ਼ਨ ਹਾਊਸ ‘ਐਕਸ਼ਨ ਹੀਰੋ ਫਿਲਮਜ਼’ ਲਈ ਇਕ ਨਵੀਂ ਸ਼ੁਰੂਆਤ ਹੈ। ਮੈਂ ਅਜਿਹੀ ਫ਼ਿਲਮ ਦਾ ਸਮਰਥਨ ਕਰਨ ਲਈ ਰੋਮਾਂਚਿਤ ਹਾਂ, ਜੋ ਇਤਿਹਾਸ ਦੇ ਇਕ ਸ਼ਾਨਦਾਰ ਅਧਿਆਏ ਨੂੰ ਦੁਬਾਰਾ ਬਿਆਨ ਕਰੇਗੀ। ਇਹ ਖ਼ੁਫ਼ੀਆ ਅਫਸਰਾਂ ਦੀ ਪ੍ਰਤਿਭਾ ਦੀ ਕਹਾਣੀ ਹੈ, ਜਿਨ੍ਹਾਂ ਨੂੰ ਮੈਂ ਦਿਲੋਂ ਸਲਾਮ ਕਰਦਾ ਹਾਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।