7 ਦਸੰਬਰ ਤੋਂ ਸ਼ੁਰੂ ਹੋਣਗੀਆਂ ਕੈਟਰੀਨਾ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਰਸਮਾਂ, 120 ਮਹਿਮਾਨਾਂ ਲਈ ਇਹ ਹਨ ਖ਼ਾਸ ਸ਼ਰਤਾਂ
Saturday, Dec 04, 2021 - 01:16 PM (IST)
ਮੁੰਬਈ (ਬਿਊਰੋ) - ਜਿਵੇਂ-ਜਿਵੇਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਤਰੀਕ ਨੇੜੇ ਆ ਰਹੀ ਹੈ, ਦੋਵਾਂ ਦੇ ਵਿਆਹ ਨੂੰ ਲੈ ਕੇ ਫ਼ੈਨਜ਼ ਦੀ ਉਤਸੁਕਤਾ ਵੱਧ ਗਈ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਸਾਰੇ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਹੋਣਗੇ, ਜਿਸ ਲਈ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਫੋਰਟ ਬਰਵਾੜਾ 'ਚ ਸ਼ਾਹੀ ਤਿਆਰੀਆਂ ਕੀਤੀਆਂ ਗਈਆਂ ਹਨ।
ਹਾਲ ਹੀ 'ਚ ਵਿਆਹ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲਾ ਹੈੱਡਕੁਆਰਟਰ ਸਵਾਈ ਮਾਧੋਪੁਰ 'ਚ ਮੀਟਿੰਗ ਹੋਈ, ਜਿਸ ਤੋਂ ਬਾਅਦ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਲਿਸਟ ਅਤੇ ਹੋਰ ਜਾਣਕਾਰੀ ਸਾਹਮਣੇ ਆਈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ। ਇਸੇ ਲਈ ਹੁਣ ਤੱਕ ਦੋਵੇਂ ਇਸ ਮੁੱਦੇ 'ਤੇ ਚੁੱਪ ਹਨ। ਦੋਵਾਂ ਦੇ ਵਿਆਹ 'ਚ ਕਿਹੜੇ-ਕਿਹੜੇ ਮਹਿਮਾਨ ਸ਼ਾਮਲ ਹੋਣਗੇ, ਇਸ ਪੂਰੀ ਸੂਚੀ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।
ਵਿਆਹ 'ਚ 120 ਮਹਿਮਾਨ ਹੋਣਗੇ ਸ਼ਾਮਲ
ਮੀਟਿੰਗ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਰਾਜਿੰਦਰ ਕਿਸ਼ਨ ਨੇ ਦੱਸਿਆ ਕਿ ਵਿਆਹ ਦਾ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਚੱਲੇਗਾ, ਜਿਸ 'ਚ 120 ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸੈਲੀਬ੍ਰਿਟੀ ਜੋੜੇ ਦੇ ਵਿਆਹ ਦੌਰਾਨ ਭੀੜ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ 'ਚ ਚਰਚਾ ਹੋਈ।
ਮਹਿਮਾਨਾਂ ਨੂੰ ਵਿਆਹ 'ਚ ਸ਼ਾਮਲ ਹੋਣ ਦੀਆਂ ਇਹ ਹਨ ਸ਼ਰਤਾਂ
ਜ਼ਿਲ੍ਹਾ ਕਲੈਕਟਰ ਰਾਜੇਂਦਰ ਕਿਸ਼ਨ ਨੇ ਕਿਹਾ, ''ਵਿਆਹ 'ਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ 120 ਮਹਿਮਾਨਾਂ ਨੂੰ ਸਾਰੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਮਹਿਮਾਨਾਂ ਨੂੰ ਡਬਲ ਟੀਕਾਕਰਨ ਕਰਵਾਉਣਾ ਹੋਵੇਗਾ ਅਤੇ ਜਿਨ੍ਹਾਂ ਦਾ ਡਬਲ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਆਪਣੀ ਨੈਗੇਟਿਵ RT-PCR ਰਿਪੋਰਟ ਦਿਖਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਵਿਆਹ ਲਈ ਇਨ੍ਹਾਂ ਦੋਵਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਹੀ ਦਾਖਲਾ ਮਿਲੇਗਾ।
ਕਾਨੂੰਨ ਵਿਵਸਥਾ ਹੋਵੇਗੀ ਸਖ਼ਤ
ਜ਼ਿਲ੍ਹਾ ਕਲੈਕਟਰ ਰਾਜੇਂਦਰ ਕਿਸ਼ਨ ਨੇ ਇੱਕ ਮੀਟਿੰਗ ਬੁਲਾਈ, ਜਿਸ 'ਚ ਪ੍ਰਸ਼ਾਸਨਿਕ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਟਲ ਅਤੇ ਇਵੈਂਟ ਮੈਨੇਜਰਾਂ ਨੇ ਭਾਗ ਲਿਆ। ਇਸ ਦੌਰਾਨ ਮੀਟਿੰਗ ਦੌਰਾਨ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ.ਆਈ.ਪੀ ਵਿਆਹਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਵਿਆਹ ਦੌਰਾਨ ਵੀ. ਆਈ. ਪੀ. ਮੂਵਮੈਂਟ ਲਈ ਬਰਵਾੜਾ 'ਚ ਰਸਤਾ ਮੋੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਰਵਾੜਾ ਪੁਲਸ ਅਧਿਕਾਰੀ ਦੀ ਹੋਵੇਗੀ। ਇਸ ਦੇ ਨਾਲ ਹੀ ਭੀੜ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਵੀ ਬਰਵਾੜਾ ਪੁਲਿਸ ਦੀ ਹੋਵੇਗੀ। ਸਿਕਸ ਸੈਂਸ ਬਰਵਾੜਾ ਫੋਰਟ ਹੋਟਲ ਰੋਡ 'ਤੇ ਸਿਰਫ਼ ਬਰਵਾੜਾ ਥਾਣੇ ਦੀ ਹੀ ਬੈਰੀਕੇਡਿੰਗ ਕਰਵਾਈ ਜਾਵੇਗੀ।
ਮਹਿਮਾਨ ਕਰਨਗੇ ਜੰਗਲ ਸਫਾਰੀ!
ਸਵਾਈ ਮਾਧੋਪੁਰ ਜ਼ਿਲ੍ਹਾ ਰਣਥੰਬੌਰ ਨੈਸ਼ਨਲ ਟਾਈਗਰ ਰਿਜ਼ਰਵ ਲਈ ਮਸ਼ਹੂਰ ਹੈ ਅਤੇ ਰਿਪੋਰਟਾਂ ਦੇ ਅਨੁਸਾਰ, ਇੱਥੇ ਆਉਣ ਵਾਲੇ ਮਹਿਮਾਨ ਜੰਗਲੀ ਸਫਾਰੀ ਦਾ ਆਨੰਦ ਵੀ ਲੈ ਸਕਦੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।