80 ਦੇ ਦਹਾਕੇ ’ਚ ਸ਼ੁਰੂ ਕੀਤਾ ਫ਼ਿਲਮੀ ਕਰੀਅਰ, ਉਪਾਸਨਾ ਸਿੰਘ ਨੇ ‘ਪਿੰਕੀ ਭੂਆ’ ਬਣ ਇੰਝ ਲੁੱਟਿਆ ਸਭ ਦਾ ਦਿਲ
Tuesday, Jun 29, 2021 - 02:00 PM (IST)
ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ‘ਪਿੰਕੀ ਭੂਆ’ ਦਾ ਕਿਰਦਾਰ ਨਿਭਾਅ ਕੇ ਸਾਰਿਆਂ ਦੇ ਚਿਹਰੇ ’ਤੇ ਹਾਸਾ ਲਿਆਉਣ ਵਾਲੀ ਉਪਾਸਨਾ ਸਿੰਘ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਉਪਾਸਨਾ ਦਾ ਜਨਮ ਹੁਸ਼ਿਆਰਪੁਰ ’ਚ ਹੋਇਆ ਸੀ। ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਦਾਕਾਰਾ ਕੀਤੀ ਸੀ। ਅੱਜ ਉਪਾਸਨਾ ਦੇ ਜਨਮਦਿਨ ’ਤੇ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ–
ਉਪਾਸਨਾ ਸਿੰਘ ਨੇ ਸਾਲ 1986 ’ਚ ਫ਼ਿਲਮ ‘ਬਾਬੁਲ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਪਾਸਨਾ ਸਿੰਘ ਨੇ ਹਿੰਦੀ ਦੇ ਨਾਲ-ਨਾਲ ਪੰਜਾਬੀ, ਭੋਜਪੁਰੀ ਤੇ ਗੁਜਰਾਤੀ ਭਾਸ਼ਾਵਾਂ ’ਚ ਵੀ ਫ਼ਿਲਮਾਂ ਕੀਤੀਆਂ ਹਨ। ਉਹ ਹੁਣ ਤਕ ਲਗਭਗ 75 ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਫ਼ਿਲਮਾਂ ’ਚ ਆਪਣੀ ਖ਼ਾਸ ਜਗ੍ਹਾ ਬਣਾਉਣ ਤੋਂ ਬਾਅਦ ਉਪਾਸਨਾ ਨੇ ਟੀ. ਵੀ. ਦਾ ਰੁਖ਼ ਕੀਤਾ ਸੀ ਤੇ ਉਸ ਨੂੰ ਇਥੇ ਵੀ ਸਫਲਤਾ ਮਿਲੀ।
ਇਹ ਹੈ ਮਸ਼ਹੂਰ ਡਾਇਲਾਗ
ਉਪਾਸਨਾ ਸਿੰਘ ਦਾ ਫ਼ਿਲਮ ‘ਜੁਦਾਈ’ ਦਾ ਇਕ ਡਾਇਲਾਗ ਬਹੁਤ ਮਸ਼ਹੂਰ ਹੋਇਆ ਸੀ। ਲੋਕ ਅੱਜ ਵੀ ਉਸ ਨੂੰ ‘ਅੱਬਾ ਡੱਬਾ ਜੱਬਾ’ ਡਾਇਲਾਗ ਨਾਲ ਜਾਣਦੇ ਹਨ। ਜਦੋਂ ਵੀ ਉਪਾਸਨਾ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਡਾਇਲਾਗ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਉਸ ਨੇ ‘ਇਤਰਾਜ਼’, ‘ਮੁਝਸੇ ਸ਼ਾਦੀ ਕਰੋਗੀ’, ‘ਬਾਦਲ’, ‘ਹੰਗਾਮਾ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਸੀ। ਇਨ੍ਹਾਂ ਫ਼ਿਲਮਾਂ ’ਚ ਉਸ ਦੀ ਕਾਮੇਡੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਵਿਲੇਨ ਦੀ ਵੀ ਨਿਭਾਈ ਭੂਮਿਕਾ
ਉਪਾਸਨਾ ਸਿੰਘ ਨੇ ਬੱਚਿਆਂ ਦੇ ਫੇਵਰੇਟ ਸ਼ੋਅ ‘ਸੋਨਪਰੀ’ ’ਚ ਨੈਗੇਟਿਵ ਕਿਰਦਾਰ ਨਿਭਾਇਆ ਸੀ। ਉਹ ਸ਼ੋਅ ’ਚ ਕਾਲੀ ਪਰੀ ਬਣ ਕੇ ਸਾਰਿਆਂ ਨੂੰ ਡਰਾਉਂਦੀ ਸੀ। ਇਸ ਸ਼ੋਅ ਨੇ ਉਸ ਨੂੰ ਘਰ-ਘਰ ’ਚ ਪਛਾਣ ਦਿਵਾਈ ਸੀ। ਉਸ ਨੇ ‘ਮਾਇਕਾ’, ‘ਰਾਜਾ ਕੀ ਆਏਗੀ ਬਾਰਾਤ’, ‘ਢਾਬਾ ਜੰਕਸ਼ਨ’, ‘ਫਿਰ ਭੀ ਦਿਲ ਹੈ ਹਿੰਦੁਸਤਾਨੀ’ ਵਰਗੇ ਕਈ ਸੀਰੀਅਲਜ਼ ’ਚ ਕੰਮ ਕੀਤਾ ਸੀ। ਇਨ੍ਹਾਂ ਸਾਰੇ ਸੀਰੀਅਲਜ਼ ’ਚ ਉਪਾਸਨਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਕਪਿਲ ਦੇ ਸ਼ੋਅ ਨਾਲ ਜਿੱਤਿਆ ਦਿਲ
‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਿੰਕੀ ਭੂਆ ਦਾ ਕਿਰਦਾਰ ਇਕ ਵਾਰ ਮੁੜ ਉਪਾਸਨਾ ਸਿੰਘ ਨੂੰ ਸੁਰਖ਼ੀਆਂ ’ਚ ਲੈ ਆਇਆ ਸੀ। ਉਸ ਨੂੰ ਇਸ ਕਿਰਦਾਰ ਨੇ ਮੁੜ ਤੋਂ ਘਰ-ਘਰ ’ਚ ਮਸ਼ਹੂਰ ਕਰ ਦਿੱਤਾ ਸੀ। ਉਸ ਦੇ ਬੋਲਣ ਦਾ ਅੰਦਾਜ਼ ਤੇ ਕਾਮਿਕ ਟਾਈਮਿੰਗ ਨੂੰ ਲੋਕ ਬਹੁਤ ਪਸੰਦ ਕਰਦੇ ਸਨ।
ਉਪਾਸਨਾ ਸਿੰਘ ਨੇ ਟੀ. ਵੀ. ਅਦਾਕਾਰ ਨੀਰਜ ਭਾਰਦਵਾਜ ਨਾਲ ਸਾਲ 2009 ’ਚ ਵਿਆਹ ਕਰਵਾ ਲਿਆ ਸੀ। ਦੋਵਾਂ ਦੀ ਮੁਲਾਕਾਤ ਸ਼ੋਅ ‘ਏ ਦਿਲ ਏ ਨਾਦਾਨ’ ਦੇ ਸੈੱਟ ’ਤੇ ਹੋਈ ਸੀ। ਜਿਥੇ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।