ਯੂਪੀ ਦੇ ਮੁੱਖ ਮੰਤਰੀ ਨੇ ਅਨੁਪਮ ਸ਼ਯਾਮ ਦੇ ਇਲਾਜ ਲਈ ਵਧਾਇਆ ਹੱਥ, ਕੀਤਾ ਇਹ ਐਲਾਨ

08/04/2020 10:10:32 AM

ਮੁੰਬਈ (ਵੈੱਬ ਡੈਸਕ) : ਉੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਅਨੁਪਮ ਸ਼ਯਾਮ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਅਦਾਕਾਰ ਦੇ ਇਲਾਜ਼ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰਕਮ ਮੁੱਖ ਮੰਤਰੀ ਰਾਹਤ ਕੋਸ਼ 'ਚੋਂ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਅਤੇ ਮਨੋਜ ਵਾਜਪੇਈ ਨੇ ਅਦਾਕਾਰ ਦੀ ਮਦਦ ਕੀਤੀ ਹੈ।

ਅਨੁਪਮ ਨੇ 'ਬੈਂਡਿਟ ਕਵੀਨ' ਅਤੇ 'ਸਲੱਮ ਡੌਗ ਮਿਲੇਨੀਅਰ' ਵਰਗੀਆਂ ਫ਼ਿਲਮਾਂ ਨਾਲ-ਨਾਲ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ ਪਰ ਤਾਲਾਬੰਦੀ ਕਾਰਨ ਆਰਥਿਕ ਤੌਰ 'ਤੇ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ। ਇਸ ਤੋਂ ਬਾਅਦ ਘਰ ਵਾਲਿਆਂ ਨੇ ਉਨ੍ਹਾਂ ਦਾ ਡਾਇਲਾਸਿਸ ਰੁਕਵਾ ਦਿੱਤਾ ਸੀ। ਟੀ. ਵੀ. ਅਤੇ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਧੱਕ ਪਾਉਣ ਵਾਲੇ ਅਦਾਕਾਰ ਅਨੁਪਮ ਸ਼ਯਾਮ ਦੀ ਮਦਦ ਲਈ ਹੁਣ ਸੋਨੂੰ ਸੂਦ ਵੀ ਅੱਗੇ ਆਏ ਹਨ। ਖ਼ਬਰਾਂ ਮੁਤਾਬਕ ਅਦਾਕਾਰ ਮਨੋਜ ਵਾਜਪੇਈ ਨੇ ਉਨ੍ਹਾਂ ਦੀ 1 ਲੱਖ ਦੀ ਸਹਾਇਤਾ ਦਿੱਤੀ ਹੈ।

ਦੱਸਣਯੋਗ ਹੈ ਕਿ ਅਨੁਪਮ ਸ਼ਯਾਮ ਸਾਲ 1994 'ਚ ਆਈ ਫ਼ਿਲਮ 'ਬੈਂਡਿਟ ਕਵੀਨ' ਜੋ ਕਿ 'ਫੂਲਨ ਦੇਵੀ' ਦੀ ਜ਼ਿੰਦਗੀ 'ਤੇ ਬਣੀ ਸੀ, ਉਸ 'ਚ ਅਨੁਪਮ ਨੇ ਕੰਮ ਕੀਤਾ ਸੀ। ਇਸ ਤੋਂ ਇਲਾਵਾ 8 ਆਸਕਰ ਐਵਾਰਡ ਜਿੱਤਣ ਵਾਲੀ ਫ਼ਿਲਮ 'ਸਲੱਮ ਡੌਗ ਮਿਲੇਨੀਅਰ' ਅਤੇ ਅਨੇਕਾਂ ਸੀਰੀਅਲਸ 'ਚ ਨਜ਼ਰ ਆਉਣ ਵਾਲੇ ਅਨੁਪਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਲਾਈਫ ਲਾਈਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 62 ਸਾਲ ਦੇ ਇਸ ਅਦਾਕਾਰ ਨੂੰ ਕਿਡਨੀ 'ਚ ਇਨਫੈਕਸ਼ਨ ਦੇ ਖ਼ਤਰਨਾਕ ਤਰੀਕੇ ਨਾਲ ਵਧ ਜਾਣ ਕਾਰਨ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਖ਼ਬਰਾਂ ਮੁਤਾਬਕ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਡਾਈਲਾਸਿਸ ਚੱਲ ਰਿਹਾ ਸੀ ਪਰ ਪੈਸਿਆਂ ਦੀ ਤੰਗੀ ਚੱਲਦਿਆਂ ਉਨ੍ਹਾਂ ਦਾ ਇਲਾਜ਼ ਰੋਕਣਾ ਪਿਆ ਸੀ।


sunita

Content Editor

Related News