ਰਾਜ ਕੁੰਦਰਾ ਅਤੇ ਗੀਤਾ ਬਸਰਾ ਦੀ ਫਿਲਮ ''ਮੇਹਰ'' ਦਾ ਪਹਿਲਾ ਗੀਤ ''ਪੰਜਾਬ'' ਰਿਲੀਜ਼
Friday, Aug 01, 2025 - 03:17 PM (IST)

ਐਂਟਰਟੇਨਮੈਂਟ ਡੈਸਕ- ਰਾਜ ਕੁੰਦਰਾ ਅਤੇ ਗੀਤਾ ਬਸਰਾ ਦੀ ਆਉਣ ਵਾਲੀ ਫਿਲਮ 'ਮੇਹਰ' ਦਾ ਗੀਤ 'ਪੰਜਾਬ' ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਲਿਰਿਕਸ ਸੋਨੀ ਸਿੰਘ ਠੁੱਲੇਵਾਲ ਨੇ ਲਿਖੇ ਹਨ, ਜਦੋਂ ਕਿ ਇਸ ਨੂੰ ਕੰਪੋਜ਼ ਜੱਸੀ ਕਟਿਆਲ ਨੇ ਕੀਤਾ ਹੈ ਅਤੇ ਗਾਇਆ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੇ ਪਤੀ ਰਾਜ ਕੁੰਦਰਾ ਅਤੇ ਅਦਾਕਾਰਾ ਗੀਤਾ ਬਸਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੇਹਰ' ਨੂੰ ਲੈ ਕੇ ਸੁਰਖੀਆਂ ਵਿਚ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਬਣਾ ਚੁੱਕੇ ਹਨ। ਫਿਲਮ ਦੇ ਨਿਰਮਾਤਾ ਦਿਵਿਆ ਭਟਨਾਗਰ ਤੇ ਐਕੁਰ ਮੀਡੀਆ ਵੱਲੋਂ ਫਿਲਮ ਨੂੰ ਪ੍ਰੋਡੀਊਸ ਕੀਤਾ ਗਿਆ ਹੈ।
ਰਾਜ ਕੁੰਦਰਾ ਅਤੇ ਗੀਤਾ ਬਸਰਾ 'ਮੇਹਰ' ਫਿਲਮ ਨਾਲ ਆਪਣੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਗੀਤਾ ਬਸਰਾ ਬਾਲੀਵੁੱਡ ਦੀਆਂ ਕਈ ਫਿਲਮਾਂ ਕਰ ਚੁੱਕੀ ਹੈ ਪਰ ਪਾਲੀਵੁੱਡ 'ਚ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੋਵੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੀਤਾ ਬਸਰਾ ਨੇ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰੀ ਬਣਾਈ ਹੋਈ ਸੀ ਪਰ ਹੁਣ ਉਹ ਫਿਲਮ ਇੰਡਸਟਰੀ 'ਚ ਆਪਣੀ ਕਿਸਮਤ ਆਜ਼ਮਾਉਣ ਲਈ ਮੁੜ ਤਿਆਰ ਹੈ। ਉਥੇ ਹੀ ਬਿਜਨੈੱਸਮੈਨ ਰਾਜ ਕੁੰਦਰਾ ਵੀ ਪਾਲੀਵੁੱਡ 'ਚ ਐਂਟਰੀ ਲਈ ਤਿਆਰ ਹਨ।
ਰਾਜ ਕੁੰਦਰਾ ਤੇ ਗੀਤਾ ਬਸਰਾ ਤੋਂ ਇਲਾਵਾ ਇਸ ਫਿਲਮ ਵਿਚ ਅਗਮਵੀਰ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਸਵਿਤਾ ਭੱਟੀ, ਬਨਿੰਦਰ ਬੰਨੀ, ਰੁਪਿੰਦਰ ਰੂਪੀ, ਮਨਪ੍ਰੀਤ ਮਨੀ, ਕੁਲਵੀਰ ਸੋਨੀ, ਅੰਕਿਤ ਸਾਗਰ, ਨੇਹਾ ਦਿਆਲ ਵਰਗੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਦੱਸ ਦੇਈਏ ਕਿ ਇਸ ਫਿਲਮ ਵਿਚ ਚੀਰਾਂ ਬਾਅਦ ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਵੀ ਨਜ਼ਰ ਆਉਣਗੇ। ਆਊਂਦੀ 5 ਸਤੰਬਰ ਨੂੰ ਇਹ ਫਿਲਮ ਵੱਡੇ ਪੱਧਰ 'ਤੇ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।