‘ਬਲੱਰ’ ਲਈ ਤਾਪਸੀ ਪਨੂੰ ਨੇ ਆਪਣੀਆਂ ਅੱਖਾਂ ਨਾਲ ਕੀਤਾ ਕੁਝ ਅਜਿਹਾ, ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ!
Wednesday, Nov 17, 2021 - 04:06 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਆਪਣੀਆਂ ਬੈਕ-ਟੂ-ਬੈਕ ਹਿੱਟ ਫ਼ਿਲਮਾਂ ਕਾਰਨ ਕਾਫੀ ਸੁਰਖ਼ੀਆਂ ਬਟੌਰ ਰਹੀ ਹੈ। ਹਾਲ ਹੀ ’ਚ ਰਿਲੀਜ਼ ਹੋਈ ‘ਰਸ਼ਮੀ ਰਾਕੇਟ’ ’ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਪਿਆਰ ਹਾਸਲ ਕਰਨ ਤੋਂ ਬਾਅਦ ਹੁਣ ਤਾਪਸੀ ਦੀ ਆਉਣ ਵਾਲੀ ਮਨੋਵਿਗਿਆਨਕ ਥ੍ਰਿਲਰ ‘ਬਲੱਰ’ ਚਰਚਾ ’ਚ ਹੈ। ਇਨ੍ਹੀਂ ਦਿਨੀਂ ਤਾਪਸੀ ‘ਬਲੱਰ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ ਤੇ ਆਪਣੇ ਹਿੱਸੇ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ। ਇਹ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ। ਇਸ ਫ਼ਿਲਮ ’ਚ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਨੇ ਕੁਝ ਅਜਿਹਾ ਕੀਤਾ ਹੈ, ਜਿਸ ਦੀ ਸੈੱਟ ’ਤੇ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਦਰਅਸਲ, ਤਾਪਸੀ ਨੇ ਆਪਣੇ ਕਿਰਦਾਰ ’ਚ ਆਉਣ ਲਈ 12 ਘੰਟੇ ਤਕ ਅੱਖਾਂ ’ਤੇ ਪੱਟੀ ਬੰਨ੍ਹੀ ਰੱਖੀ, ਜਿਸ ਕਾਰਨ ਸੈੱਟ ’ਤੇ ਸਾਰਿਆਂ ਨੇ ਉਸ ਦੀ ਤਾਰੀਫ਼ ਕੀਤੀ। ਇਕ ਸੂਤਰ ਨੇ ਦੱਸਿਆ ਕਿ ਤਾਪਸੀ ਆਪਣੇ ਕਿਰਦਾਰ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਲਈ ਦ੍ਰਿੜ੍ਹ ਸੀ। ਉਸ ਨੇ 12 ਘੰਟਿਆਂ ਲਈ ਅੱਖਾਂ ’ਤੇ ਪੱਟੀ ਬੰਨ੍ਹਣ ਦਾ ਫ਼ੈਸਲਾ ਕੀਤਾ। ਸਵੇਰੇ 7 ਵਜੇ ਤੋਂ ਉਸ ਨੇ ਆਪਣੀਆਂ ਅੱਖਾਂ ’ਤੇ ਸੂਤੀ ਪੱਟੀ ਬੰਨ੍ਹੀ ਤੇ ਆਪਣੀ ਸਾਰੀ ਰੁਟੀਨ ਉਸੇ ਸਥਿਤੀ ’ਚ ਕੀਤੀ, ਜਿਸ ’ਚ ਅੱਖਾਂ ਦੀ ਪੱਟੀ ਹਟਾਏ ਬਿਨਾਂ ਫੋਨ ਕਾਲਜ਼ ਦਾ ਜਵਾਬ ਦੇਣਾ, ਖਾਣਾ ਖਾਣਾ, ਫ਼ਿਲਮ ਦੇ ਕਰਿਊ, ਕਾਸਟ ਤੇ ਟੀਮ ਨਾਲ ਗੱਲਬਾਤ ਕਰਨਾ ਸ਼ਾਮਲ ਸੀ।
ਤਾਪਸੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਫ਼ਿਲਮ ਦਾ ਇਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ, ਜਿਸ ’ਚ ਤਾਪਸੀ ਅੱਖਾਂ ’ਤੇ ਪੱਟੀ ਬੰਨ੍ਹੀ ਨਜ਼ਰ ਆ ਰਹੀ ਹੈ ਤੇ ਹੱਥਾਂ ’ਤੇ ਹੱਥ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤਾਪਸੀ ਨੇ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਸ਼ੂਟਿੰਗ ਦੇ ਪਰਦੇ ਦੇ ਪਿੱਛੇ ਨਜ਼ਰ ਆ ਰਹੀ ਹੈ। ‘ਬਲੱਰ’ ਇਕ ਥ੍ਰਿਲਰ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਅਜੇ ਬਹਿਲ ਵਲੋਂ ਕੀਤਾ ਗਿਆ ਹੈ ਤੇ ਜ਼ੀ ਸਟੂਡੀਓਜ਼, ਆਊਟਸਾਈਡਰਜ਼ ਫ਼ਿਲਮਜ਼ ਤੇ ਏਕਲੋਨ ਪ੍ਰੋਡਕਸ਼ਨ ਵਲੋਂ ਸਾਂਝੇ ਤੌਰ ’ਤੇ ਨਿਰਮਿਤ ਹੈ। ਫ਼ਿਲਮ ’ਚ ਤਾਪਸੀ ਪਨੂੰ ਤੇ ਗੁਲਸ਼ਨ ਦੇਵਈਆ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।