ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਬਾਲੀਵੁੱਡ ਹਸਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸ਼ਿਕਾਇਤ ਕੋਰਟ ਨੇ ਕੀਤੀ ਖਾਰਜ
Thursday, Jul 09, 2020 - 11:52 AM (IST)

ਮੁੰਬਈ (ਬਿਊਰੋ) — ਬਿਹਾਰ ਦੇ ਮੁਜੱਫ਼ਰਪੁਰ ਦੀ ਇੱਕ ਅਦਾਲਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਲੈ ਕੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜਿਵੇਂ :- ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ, ਆਦਿਤਿਆ ਚੋਪੜਾ ਅਤੇ ਸੰਜੇ ਲੀਲਾ ਭੰਸਾਲੀ ਖ਼ਿਲਾਫ ਦਾਇਰ ਇੱਕ ਸ਼ਿਕਾਇਤ ਨੂੰ ਬੁੱਧਵਾਰ ਨੂੰ ਖਾਰਜ ਕਰ ਦਿੱਤਾ।
ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੁਕੇਸ਼ ਕੁਮਾਰ ਨੇ ਸਥਾਨਕ ਵਕੀਲ ਸੁਧੀਰ ਕੁਮਾਰ ਓਝਾ ਵਲੋਂ ਦਾਇਰ ਕੀਤੀ ਸ਼ਿਕਾਇਤ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਮਾਮਲਾ ਮੇਰੀ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਦਰਅਸਲ, 34 ਸਾਲ ਦੇ ਸੁਸ਼ਾਂਤ 14 ਜੂਨ ਨੂੰ ਮੁੰਬਈ ਦੇ ਬਾਂਦਰਾਂ 'ਚ ਆਪਣੇ ਅਪਾਰਟਮੈਂਟ 'ਚ ਮ੍ਰਿਤ ਮਿਲੇ ਸਨ। ਓਝਾ ਨੇ ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ, ਆਦਿਤਿਆ ਚੋਪੜਾ ਤੇ ਸੰਜੇ ਲੀਲਾ ਭੰਸਾਲੀ 'ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਉਂਦੇ ਹੋਏ 17 ਜੂਨ ਨੂੰ ਧਾਰਾ 306, 109 ਅਤੇ 506 ਦੇ ਤਹਿਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ। ਓਝਾ ਨੇ ਕਿਹਾ, 'ਮੈਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਫ਼ੈਸਲੇ ਨੂੰ ਜ਼ਿਲ੍ਹਾ ਅਦਾਲਤ ਸਾਹਮਣੇ ਚੁਣੌਤੀ ਦੇਵਾਂਗਾ। ਬਿਹਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਦਮੇ 'ਚ ਹੈ। ਸਾਨੂੰ ਉਨ੍ਹਾਂ ਨੂੰ ਇਨਸਾਫ਼/ਨਿਆਂ ਦਿਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।''