ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਨਮ ਅੱਖਾਂ ਨਾਲ ਦਿੱਤੀ ਪਿਤਾ ਨੂੰ ਵਿਦਾਈ, ਅਦਾਕਾਰ ਪ੍ਰਭੂਦੇਵਾ ਵੀ ਪਹੁੰਚੇ : PICS
Wednesday, Feb 10, 2016 - 10:46 AM (IST)

ਮੋਗਾ (ਗਰੋਵਰ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਿਤਾ ਸ਼ਕਤੀ ਸਾਗਰ ਸੂਦ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਕਾਫੀ ਭਾਵੁਕ ਨਜ਼ਰ ਆਏ। ਪਿਤਾ ਦੀ ਮ੍ਰਿਤਕ ਦੇਹ ਨੂੰ ਮੋਗਾ ''ਚ ਉਨ੍ਹਾਂ ਦੇ ਘਰ ਲਿਆਂਦਾ ਗਿਆ ਤਾਂ ਸੋਨੂੰ ਉਨ੍ਹਾਂ ਦੇ ਸਿਰ ''ਤੇ ਹੱਥ ਰੱਖ ਕੇ ਬਹੁਤ ਰੋਏ। ਜ਼ਿਕਰਯੋਗ ਹੈ ਕਿ ਸੋਨੂੰ ਦੇ ਪਿਤਾ ਦਾ ਕੱਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਮੰਗਲਵਾਰ ਨੂੰ ਮੋਗੇ ਦੇ ਗੁਰਦੁਆਰਾ ਅਕਾਲਸਰ ਸਾਹਿਬ ਦੇ ਨੇੜੇ ਸਥਿਤ ਸ਼ਮਸ਼ਾਨ ਘਾਟ ''ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਮੌਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਪ੍ਰਭੂ ਦੇਵਾ ਵੀ ਪਹੁੰਚੇ। ਸੋਨੂੰ ਸੂਦ ਦੀ ਵੱਡੀ ਭੈਣ ਮੋਨਿਕਾ ਸ਼ਰਮਾ ਅਤੇ ਜੀਜਾ ਰਾਜੇਸ਼ ਸ਼ਰਮਾ ਅਮਰੀਕਾ ''ਚ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਮੋਗੇ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸੋਨੂੰ ਐਤਵਾਰ ਨੂੰ ਮੋਗਾ ''ਚ ਆਪਣੇ ਘਰ ''ਚ ਹੀ ਸਨ ਅਤੇ ਪਿਤਾ ਸ਼ਕਤੀ ਸਾਗਰ ਸੂਦ ਅਤੇ ਰਿਸ਼ਤੇਦਾਰ ਨਾਲ ਟੀ.ਵੀ. ''ਤੇ ਅਵਾਰਡ ਸ਼ੋਅ ਦੇਖ ਰਹੇ ਸਨ ਪਰ ਉਦੋਂ ਹੀ ਉਨ੍ਹਾਂ ਦੇ ਪਿਤਾ ਦੀ ਛਾਤੀ ''ਚ ਤੇਜ਼ ਦਰਦ ਹੋਇਆ, ਜਿਸ ਪਿੱਛੋਂ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ ਪਰ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਸੋਨੂੰ ਦੇ ਪਿਤਾ ਮੋਗੇ ਦੇ ਮੇਨ ਬਾਜ਼ਾਰ ''ਚ ਬਾਂਬੇ ਕਲਾਥ ਹਾਊਸ ਨਾਮੀ ਕੱਪੜੇ ਦਾ ਸ਼ੋਅਰੂਮ ਚਲਾਉਂਦੇ ਸਨ ਅਤੇ ਉਹ ਸ਼ਹਿਰ ਦੇ ਮੰਨੇ-ਪ੍ਰਮੰਨੇ ਕੱਪੜਾ ਵਪਾਰੀ ਸਨ।