‘ਤੇਰੇ ਬਿਨਾਂ ਜ਼ਿੰਦਗੀ ਅਧੂਰੀ ਹੈ...’ ਪੁੱਤਰ ਆਯੂਸ਼ ਨੂੰ ਯਾਦ ਕਰ ਭਾਵੁਕ ਹੋਏ ਸ਼ੇਖਰ ਸੁਮਨ
Saturday, Jan 17, 2026 - 05:42 PM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ੇਖਰ ਸੁਮਨ ਆਪਣੇ ਮਰਹੂਮ ਪੁੱਤਰ ਆਯੂਸ਼ ਨੂੰ ਯਾਦ ਕਰਕੇ ਕਾਫੀ ਭਾਵੁਕ ਹੋ ਗਏ ਹਨ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਦਰਦਭਰੀ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਪੁੱਤਰ ਨੂੰ ਗੁਆਉਣ ਦਾ ਆਪਣਾ ਦੁੱਖ ਜ਼ਾਹਰ ਕੀਤਾ ਹੈ।
"ਹਰ ਪਲ ਤੈਨੂੰ ਯਾਦ ਕਰਦਾ ਹਾਂ ਮੇਰੇ ਬੱਚੇ"
ਸ਼ੇਖਰ ਸੁਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਤਰ ਆਯੂਸ਼ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਇੱਕ ਬੇਹੱਦ ਭਾਵੁਕ ਨੋਟ ਲਿਖਿਆ ਹੈ। ਅਦਾਕਾਰ ਨੇ ਆਯੂਸ਼ ਨੂੰ ਆਪਣਾ 'ਏਂਜਲ' (ਫਰਿਸ਼ਤਾ) ਦੱਸਦਿਆਂ ਲਿਖਿਆ, "ਮੇਰੇ ਏਂਜਲ ਆਯੂਸ਼ ਨੂੰ ਯਾਦ ਕਰ ਰਿਹਾ ਹਾਂ। ਹਰ ਪਲ ਤੈਨੂੰ ਯਾਦ ਕਰਦਾ ਹਾਂ ਮੇਰੇ ਬੱਚੇ। ਤੇਰੇ ਬਿਨਾਂ ਜ਼ਿੰਦਗੀ ਅਧੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਆਯੂਸ਼ ਨੇ ਪਰਿਵਾਰ ਨੂੰ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਸਨ ਅਤੇ ਉਹ ਅੱਜ ਵੀ ਉਸ ਨੂੰ ਖੋਹਣ ਦੇ ਸਦਮੇ ਵਿੱਚੋਂ ਉੱਭਰ ਨਹੀਂ ਸਕੇ ਹਨ।
ਸਿਰਫ਼ 11 ਸਾਲ ਦੀ ਉਮਰ 'ਚ ਹੋ ਗਿਆ ਸੀ ਦਿਹਾਂਤ
ਜਾਣਕਾਰੀ ਅਨੁਸਾਰ ਸ਼ੇਖਰ ਸੁਮਨ ਦੇ ਪੁੱਤਰ ਆਯੂਸ਼ ਦਾ ਦਿਹਾਂਤ ਅਪ੍ਰੈਲ 1995 ਵਿੱਚ ਹੋਇਆ ਸੀ। ਉਸ ਸਮੇਂ ਆਯੂਸ਼ ਦੀ ਉਮਰ ਮਹਿਜ਼ 11 ਸਾਲ ਸੀ। ਸ਼ੇਖਰ ਸੁਮਨ ਦਾ ਦੂਜਾ ਪੁੱਤਰ ਅਧਿਐਨ ਸੁਮਨ ਹੈ, ਜਿਸ ਨੇ ਸਾਲ 2008 ਵਿੱਚ ਫਿਲਮ 'ਹਾਲ-ਏ-ਦਿਲ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ, ਹਾਲਾਂਕਿ ਉਸ ਦਾ ਕਰੀਅਰ ਬਹੁਤਾ ਸਫਲ ਨਹੀਂ ਰਿਹਾ।
'ਹੀਰਾਮੰਡੀ' ਵਿੱਚ ਨਿਭਾਇਆ ਯਾਦਗਾਰ ਕਿਰਦਾਰ
ਸ਼ੇਖਰ ਸੁਮਨ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਮਸ਼ਹੂਰ ਵੈੱਬ ਸੀਰੀਜ਼ 'ਹੀਰਾਮੰਡੀ: ਦ ਡਾਇਮੰਡ ਬਾਜ਼ਾਰ' ਵਿੱਚ ਨਜ਼ਰ ਆਏ ਸਨ। ਇਸ ਸੀਰੀਜ਼ ਵਿੱਚ ਉਨ੍ਹਾਂ ਨੇ ਨਵਾਬਾਂ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ, 'ਖਾਨ ਬਹਾਦਰ ਜ਼ੁਲਫਿਕਾਰ ਅਹਿਮਦ' ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
