‘ਮਹਿਲਾ ਕ੍ਰਿਕਟਰਸ ਹਾਰਦੀਆਂ ਹਨ ਤਾਂ ਉਨ੍ਹਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ, ਜਦੋਂ ਮਰਦ ਹਾਰਦੇ ਹਨ ਤਾਂ ਗੇਮ ਨੂੰ’

07/15/2022 10:39:14 AM

‘ਪਿੰਕ’, ‘ਨਾਮ ਸ਼ਬਾਨਾ’, ‘ਮੁਲਕ’ ਤੇ ‘ਥੱਪੜ’ ਵਰਗੀਆਂ ਫ਼ਿਲਮਾਂ ’ਚ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੀ ਤਾਪਸੀ ਪਨੂੰ ਹੁਣ ਲੈਜੰਡਰੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ‘ਸ਼ਾਬਾਸ਼ ਮਿੱਠੂ’ ’ਚ ਨਜ਼ਰ ਆਉਣ ਵਾਲੀ ਹੈ। ਤਾਪਸੀ ਖੇਡਾਂ ’ਤੇ ਆਧਾਰਿਤ ਕਈ ਫ਼ਿਲਮਾਂ ਦਾ ਹਿੱਸਾ ਰਹੀ ਹੈ ਤੇ ਆਪਣੇ ਕਰੀਅਰ ਦੌਰਾਨ ਉਸ ਨੇ ਕਈ ਫ਼ਿਲਮਾਂ ’ਚ ਐਥਲੀਟ ਦੀ ਭੂਮਿਕਾ ਨਿਭਾਈ ਹੈ। ਮਿਤਾਲੀ ਰਾਜ ਦੀ ਬਾਇਓਪਿਕ, ਜਿਸ ਦਾ ਨਾਂ ‘ਸ਼ਾਬਾਸ਼ ਮਿੱਠੂ’ ਹੈ, ਉਸ ਦੀ ਇਕ ਹੋਰ ਖੇਡ ਨਾਲ ਜੁੜੀ ਫ਼ਿਲਮ ਹੈ। ਸ਼੍ਰੀਜੀਤ ਮੁਖਰਜੀ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾ ਤਾਪਸੀ ਪਨੂੰ, ਮਹਿਲਾ ਕ੍ਰਿਕਟਰ ਮਿਤਾਲੀ ਰਾਜ ਤੇ ਨਿਰਦੇਸ਼ਕ ਸ਼੍ਰੀਜੀਤ ਮੁਖਰਜੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਤੁਸੀਂ ਖੇਡਾਂ ’ਤੇ ਆਧਾਰਿਤ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ ਹਨ। ਤੁਹਾਡਾ ਖੇਡਾਂ ਵੱਲ ਕਿੰਨਾ ਕੁ ਝੁਕਾਅ ਹੈ?
ਤਾਪਸੀ–
ਮੈਨੂੰ ਸਪੋਰਟਸ ਨਾਲ ਬਹੁਤ ਪਿਆਰ ਹੈ ਤੇ ਸ਼ਾਇਦ ਮੇਰੀ ਪ੍ਰਫਾਰਮੈਂਸ ’ਚ ਇਹ ਸਭ ਵਿਖਾਈ ਦਿੰਦਾ ਹੈ ਤਾਂ ਹੀ ਮੈਨੂੰ ਵਾਰ-ਵਾਰ ਸਪੋਰਟਸ ਦੇ ਕਿਰਦਾਰ ਮਿਲਦੇ ਹਨ। ਇਸ ਤੋਂ ਇਲਾਵਾ ਸਪੋਰਟਸ ਡਰਾਮੇ ਫ਼ਿਲਮ ਲਈ ਇਕ ਬਹੁਤ ਵਧੀਆ ਸਕ੍ਰਿਪਟ ਵੀ ਬਣਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਅੰਦਰ ਕੋਈ ਨਾ ਕੋਈ ਇੰਸਪੀਰੇਸ਼ਨ ਲੁਕੀ ਹੁੰਦੀ ਹੈ, ਉਹ ਸਟੋਰੀ ਸਪੋਰਟਸਮੈਨ ਸਪਿਰਿਟ ਨੂੰ ਦਰਸਾਉਂਦੀ ਹੈ, ਜੋ ਦਰਸ਼ਕਾਂ ਨੂੰ ਦੋ-ਢਾਈ ਘੰਟੇ ਟਿਕਾ ਕੇ ਰੱਖਦੀ ਹੈ। ਮੇਰਾ ਝੁਕਾਅ ਇਸ ਪਾਸੇ ਇਸ ਲਈ ਵੀ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਸਪੋਰਟਸ ’ਚ ਹਿੱਸਾ ਲੈਂਦੀ ਆ ਰਹੀ ਹਾਂ ਤੇ ਜਦੋਂ ਮੈਨੂੰ ਆਪਣੇ ਪੇਸ਼ੇ ’ਚ ਅਜਿਹਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਕੀਤਾ।

ਕੀ ਤੁਸੀਂ ਪਹਿਲਾਂ ਕਦੇ ਕ੍ਰਿਕਟ ਖੇਡੀ ਹੈ?
ਤਾਪਸੀ–
ਨਹੀਂ, ਮੈਂ ਕਦੇ ਕ੍ਰਿਕਟ ਨਹੀਂ ਖੇਡੀ ਪਰ ਮੈਨੂੰ ਸਪੋਰਟਸ ਬਹੁਤ ਪਸੰਦ ਹਨ। ਸ਼ਾਇਦ ਇਹੀ ਕਾਰਨ ਹੈ ਕਿ ਤੁਸੀਂ ਆਪਣਾ ਬੈਸਟ ਦੇ ਸਕਦੇ ਹੋ। ਮੈਨੂੰ ਪਤਾ ਸੀ ਕਿ ਮੈਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ, ਇਸ ਲਈ ਵੀ ਮੈਂ ਆਪਣਾ ਬੈਸਟ ਦਿੱਤਾ। ਮੈਨੂੰ ਕਾਫੀ ਸੱਟਾਂ ਵੀ ਲੱਗੀਆਂ।

ਹੁਣੇ ਜਿਹੇ ਤੁਸੀਂ ਕਿਹਾ ਸੀ ਕਿ ਤੁਸੀਂ ਖੇਡਾਂ ’ਤੇ ਆਧਾਰਿਤ ਹੋਰ ਫ਼ਿਲਮਾਂ ਨਹੀਂ ਕਰੋਗੇ ਤਾਂ ‘ਸ਼ਾਬਾਸ਼ ਮਿੱਠੂ’ ਨੂੰ ਹਾਂ ਕਹਿਣ ਦਾ ਕੀ ਕਾਰਨ ਸੀ?
ਤਾਪਸੀ–
ਜਦੋਂ ਵੀ ਸਪੋਰਟਸ ਵਾਲੀਆਂ ਸਕ੍ਰਿਪਟ ਆਉਂਦੀਆਂ ਹਨ, ਮੈਂ ਹਮੇਸ਼ਾ ਸੋਚਦੀ ਹਾਂ ਕਿ ਮੈਂ ਉਸ ਵੇਲੇ ਤੱਕ ਹਾਂ ਨਹੀਂ ਕਹਾਂਗੀ ਜਦੋਂ ਤੱਕ ਇਹ ਨਹੀਂ ਲੱਗੇਗਾ ਕਿ ਇਕ ਲੈਵਲ ਉੱਪਰ ਨਾ ਹੋਵੇ। ਇਹ ਮੇਰੇ ਵਲੋਂ ਕੀਤੀਆਂ ਗਈਆਂ ਸਾਰੀਆਂ ਸਪੋਰਟਸ ਫ਼ਿਲਮਾਂ ’ਚ ਸਿਖਰ ’ਤੇ ਹੈ ਪਰ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਮੈਂ 2-2 ਜ਼ਿੰਦਗੀਆਂ ਜੀਅ ਰਹੀ ਹਾਂ। ਥਕਾਵਟ ਮਹਿਸੂਸ ਹੋਣ ਲੱਗੀ ਸੀ ਤਾਂ ਮੈਂ ਸੋਚਿਆ ਕਿ ਅਜੇ ਮੈਨੂੰ ਅਜਿਹੀਆਂ ਫ਼ਿਲਮਾਂ ਤੋਂ ਬ੍ਰੇਕ ਲੈ ਲੈਣੀ ਚਾਹੀਦੀ ਹੈ ਤਾਂ ਜੋ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਕਰ ਸਕਾਂ।

ਕੀ ਬਾਲੀਵੁੱਡ ’ਚ ਵੀ ਵਿਤਕਰਾ ਹੁੰਦਾ ਹੈ?
ਤਾਪਸੀ–
ਲਗਭਗ ਆਮ ਵਰਗਾ ਹੀ ਸਫਰ ਹੈ। ਹਾਂ, ਹੁਣ ਮਹਿਲਾ ਮੁਖੀ ਫ਼ਿਲਮਾਂ ’ਤੇ ਪੈਸਾ ਲਾਇਆ ਜਾ ਰਿਹਾ ਹੈ ਤੇ ਲੋਕ ਵੀ ਦੇਖਣ ਜਾਂਦੇ ਹਨ ਪਰ ਅਜੇ ਵੀ ਸਮਾਨਤਾ ਬਹੁਤ ਦੂਰ ਹੈ। ਸਾਨੂੰ ਵਰਡਸ ਆਫ ਮਾਊਥ ਦੀ ਉਡੀਕ ਕਰਨੀ ਪੈਂਦੀ ਹੈ। ਉਂਝ ਮਰਦ ਮੁਖੀ ਫ਼ਿਲਮਾਂ ਨੂੰ ਜ਼ਿਆਦਾ ਸਕ੍ਰੀਨਜ਼ ਮਿਲਦੀਆਂ ਹਨ ਪਰ ਮਹਿਲਾ ਮੁਖੀ ਨੂੰ ਓਨੀਆਂ ਨਹੀਂ ਮਿਲਦੀਆਂ। ਮਹਿਲਾ ਮੁਖੀ ਫ਼ਿਲਮਾਂ ਮੰਡੇ ਤਕ ਜਾ ਕੇ ਚੱਲਦੀਆਂ ਹਨ। ਲੋਕ ਇਕ-ਦੂਜੇ ਨੂੰ ਇਨ੍ਹਾਂ ਬਾਰੇ ਦੱਸਦੇ ਹਨ, ਫਿਰ ਉਹ ਦੇਖਣ ਜਾਂਦੇ ਹਨ, ਫਿਰ ਸਕ੍ਰੀਨ ਘੱਟ ਹੋਣ ਕਾਰਨ ਇਹ ਹੱਟ ਜਾਂਦੀਆਂ ਹਨ। ਇਹ ਬਹੁਤ ਹੀ ਮੁਸ਼ਕਿਲ ਹਾਲਾਤ ਹੁੰਦੇ ਹਨ। ਇੰਨਾ ਹੈ ਕਿ ਫ਼ਿਲਮਾਂ ਬਣ ਰਹੀਆਂ ਹਨ ਪਰ ਹੁਣ ਬਦਲਾਅ ਦੀ ਲੋੜ ਹੈ।

ਕੀ ਤਾਪਸੀ ਹੀ ਤੁਹਾਡੀ ਪਹਿਲੀ ਪਸੰਦ ਸੀ?
ਸ਼੍ਰੀਜੀਤ ਮੁਖਰਜੀ–
ਇਹ ਬਹੁਤ ਵੱਡਾ ਇਤਫ਼ਾਕ ਹੈ ਕਿ ਜਦੋਂ ਮੈਂ ਇਸ ਪ੍ਰਾਜੈਕਟ ’ਚ ਦਾਖ਼ਲ ਹੋਇਆ ਤਾਂ ਉਸ ਵੇਲੇ ਤੱਕ ਕਾਸਟਿੰਗ ਹੋ ਚੁੱਕੀ ਸੀ ਪਰ ਪਿਛਲੇ 2-3 ਸਾਲਾਂ ਤੋਂ ਮੇਰੀ ਵੀ ਦਿਲੀ ਖਵਾਹਿਸ਼ ਸੀ ਕਿ ਮੈਂ ਤਾਪਸੀ ਨਾਲ ਕੰਮ ਕਰਾਂ। ਜਦੋਂ ਮੈਨੂੰ ਪਤਾ ਲੱਗਾ ਕਿ ਤਾਪਸੀ ਮਿਤਾਲੀ ਦਾ ਕਿਰਦਾਰ ਨਿਭਾਅ ਰਹੀ ਹੈ ਤਾਂ ਮੈਂ ਬਿਨਾਂ ਸੋਚੇ ਹਾਂ ਕਰ ਦਿੱਤੀ।

ਇਕ ਸਾਧਾਰਨ ਫ਼ਿਲਮ ਤੇ ਬਾਇਓਪਿਕ ਦੇ ਨਿਰਦੇਸ਼ਨ ’ਚ ਕੀ ਫਰਕ ਹੁੰਦਾ ਹੈ?
ਸ਼੍ਰੀਜੀਤ ਮੁਖਰਜੀ–
ਇਕ ਫਰਕ ਤਾਂ ਇਹ ਹੈ ਕਿ 22 ਸਾਲਾਂ ਦੀ ਅਚੀਵਮੈਂਟ ਨੂੰ 2 ਘੰਟਿਆਂ ’ਚ ਕੈਪਚਰ ਕਰਨਾ ਪੈਂਦਾ ਹੈ। ਸਿਰਫ ਅਚੀਵਮੈਂਟ ਹੋਵੇਗੀ ਤਾਂ ਚੰਗਾ ਨਹੀਂ ਲੱਗੇਗਾ, ਉਸ ’ਚ ਫੇਲੀਅਰਸ ਵੀ ਆਉਣੇ ਚਾਹੀਦੇ ਹਨ ਤਾਂ ਹੀ ਤੁਹਾਨੂੰ ਪੂਰਾ ਇਕ ਗ੍ਰਾਫ ਮਿਲੇਗਾ। ਓ. ਟੀ. ਟੀ. ’ਚ ਤਾਂ ਲੰਮਾ ਖਿੱਚਿਆ ਜਾ ਸਕਦਾ ਹੈ ਪਰ ਫ਼ਿਲਮ ’ਚ ਅਜਿਹਾ ਨਹੀਂ ਹੁੰਦਾ ਤੇ ਕਹਾਣੀ ਨਾਲ ਨਿਆਂ ਕਰਨਾ ਵੀ ਬਹੁਤ ਜ਼ਰੂਰੀ ਹੈ। ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਬਾਕੀ ਜਿਸ ਨੇ ਕਹਾਣੀ ਲਿਖੀ ਹੈ, ਉਸ ਤੋਂ ਬਹੁਤ ਮਦਦ ਮਿਲਦੀ ਹੈ ਕਿ ਕਿਵੇਂ ਕੀ ਕੀਤਾ ਜਾ ਸਕਦਾ ਹੈ।

ਇੰਨੇ ਲੰਮੇ ਸਫ਼ਰ ਤੋਂ ਬਾਅਦ ਜਦੋਂ ਤੁਸੀਂ ਆਪਣੇ ਉੱਪਰ ਬਾਇਓਪਿਕ ਬਣਦੀ ਦੇਖਦੇ ਹੋ ਤਾਂ ਕਿਹੋ-ਜਿਹਾ ਲੱਗ ਰਿਹਾ ਹੈ?
ਮਿਤਾਲੀ ਰਾਜ–
ਮੈਨੂੰ ਖ਼ੁਸ਼ੀ ਹੈ ਕਿ ਫ਼ਿਲਮ ਦੀ ਕਹਾਣੀ ਮੇਰੇ ਸਫਰ ਤੋਂ ਪ੍ਰੇਰਿਤ ਹੈ। ਇਹ ਕਹਾਣੀ ਉਨ੍ਹਾਂ ਮਹਿਲਾ ਕ੍ਰਿਕਟਰਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਬੀਤੇ ਸਮੇਂ ’ਚ ਕ੍ਰਿਕਟ ਖੇਡੀ ਤੇ ਮੁਸ਼ਕਿਲਾਂ ’ਚ ਵੀ ਇਸ ਨੂੰ ਜਾਰੀ ਰੱਖਿਆ। ਉਹ ਵੀ ਉਦੋਂ ਜਦੋਂ ਇਥੇ ਨਾ ਪੈਸਾ ਸੀ ਤੇ ਨਾ ਹੀ ਗਲੋਰੀ। ਉਹ ਸਾਰੀਆਂ ਚੁਣੌਤੀਆਂ ਵੀ ਫ਼ਿਲਮ ’ਚ ਵੇਖਣ ਨੂੰ ਮਿਲਣਗੀਆਂ। ਇਸ ’ਚ ਮਹਿਲਾ ਕ੍ਰਿਕਟਰਾਂ ਦੀਆਂ ਮੁਸ਼ਕਿਲਾਂ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਕਿਵੇਂ ਬਦਲਿਆ ਹੈ, ਇਹ ਵੀ ਦਿਖਾਇਆ ਗਿਆ ਹੈ।

ਤੁਹਾਨੂੰ ਕਿਉਂ ਲੱਗਦਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਗਏ ਹਨ?
ਮਿਤਾਲੀ ਰਾਜ–
ਮੇਰਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਮੈਨੂੰ ਲੱਗਦਾ ਹੈ ਕਿ ਇਸ ਫ਼ਿਲਮ ਤੋਂ ਅੱਗੇ ਜਿਹੜੀਆਂ ਲੜਕੀਆਂ ਖੇਡਣਗੀਆਂ, ਉਨ੍ਹਾਂ ਨੂੰ ਰੱਫ ਆਇਡੀਆ ਰਹੇਗਾ ਕਿ ਸਾਬਕਾ ਕ੍ਰਿਕਟਰਾਂ ਨੇ ਕੀ ਸੰਘਰਸ਼ ਕੀਤਾ ਹੈ। ਹੁਣ ਜਿਹੜੀਆਂ ਲੜਕੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਚੰਗਾ ਪਲੇਟਫਾਰਮ ਮਿਲਿਆ ਹੈ, ਜਿਸ ਦੇ ਲਈ ਅਸੀਂ ਇੰਨਾ ਸੰਘਰਸ਼ ਕੀਤਾ। ਲੋਕਾਂ ਦਾ ਨਜ਼ਰੀਆ ਬਹੁਤ ਬਦਲ ਗਿਆ ਹੈ ਤੇ ਉਹ ਮਹਿਲਾ ਖਿਡਾਰੀਆਂ ਦੀ ਸ਼ਲਾਘਾ ਕਰਦੇ ਹਨ।

ਮਹਿਲਾ ਕ੍ਰਿਕਟ ’ਚ ਕੀ ਬਦਲਾਅ ਆਏ ਹਨ?
ਮਿਤਾਲੀ ਰਾਜ–
ਮੈਂ ਜਿਸ ਅਕੈਡਮੀ ’ਚ ਪਹਿਲੀ ਵਾਰ ਗਈ ਸੀ, ਉਹ ਲੜਕਿਆਂ ਦਾ ਕੈਂਪ ਸੀ, ਜਿਥੇ ਮੈਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ, ਫਿਰ ਕਿਸੇ ਹੋਰ ਅਕੈਡਮੀ ’ਚ ਗਈ, ਜਿਥੇ ਲੜਕੀਆਂ ਖੇਡਦੀਆਂ ਸਨ। ਦਾਦਾ-ਦਾਦੀ ਨੂੰ ਮੇਰਾ ਖੇਡਾਂ ’ਚ ਜਾਣਾ ਪਸੰਦ ਨਹੀਂ ਸੀ, ਇਹ ਘਰ ’ਚ ਇਕ ਵੱਡੀ ਚੁਣੌਤੀ ਸੀ। ਮੈਂ 1999 ’ਚ ਇੰਡੀਆ ਖੇਡ ਚੁੱਕੀ ਸੀ ਪਰ ਉਸ ਵੇਲੇ ਕੋਈ ਮਹਿਲਾ ਕ੍ਰਿਕਟਰਸ ਨੂੰ ਜਾਣਦਾ ਹੀ ਨਹੀਂ ਸੀ। ਕਈ ਲੋਕ ਪੁੱਛਦੇ ਸਨ ਕਿ ਤੁਸੀਂ ਇੰਡੀਆ ਖੇਡ ਰਹੇ ਹੋ ਪਰ ਤੁਹਾਨੂੰ ਕੋਈ ਨਹੀਂ ਜਾਣਦਾ। ਤੁਸੀਂ ਵਰਲਡ ਕੱਪ ਖੇਡ ਕੇ ਆਏ ਪਰ ਮਰਦ ਕ੍ਰਿਕਟਰਾਂ ਜਿੰਨਾ ਤੁਹਾਡਾ ਨਾਂ ਨਹੀਂ। ਇਹ ਸਾਰੇ ਕੁਮੈਂਟ ਸੁਣੇ ਪਰ ਜਦੋਂ 2007 ’ਚ ਬੀ. ਸੀ. ਸੀ. ਆਈ. ਦੇ ਅੰਡਰ ਆਏ ਤਾਂ ਉਸ ਤੋਂ ਬਾਅਦ ਟੀਮ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਸਹੂਲਤਾਂ ਵੀ ਬਹੁਤ ਵਧੀਆ ਮਿਲੀਆਂ ਹਨ, ਸੈਂਟਰਲ ਕਾਂਟ੍ਰੈਕਟਸ ਵੀ ਮਿਲੇ ਹਨ, ਇਸ ਨਾਲ ਮਹਿਲਾ ਕ੍ਰਿਕਟ ਕਾਫੀ ਬੂਸਟ ਹੋਇਆ ਹੈ।

ਕੀ ਤੁਹਾਨੂੰ ਲੱਗਦਾ ਹੈ ਕਿ ਮਹਿਲਾ ਕ੍ਰਿਕਟਰਾਂ ਨਾਲ ਜੋ ਪਹਿਲਾਂ ਵਿਤਕਰਾ ਹੁੰਦਾ ਸੀ, ਉਹ ਹੁਣ ਖ਼ਤਮ ਹੋ ਰਿਹਾ ਹੈ?
ਮਿਤਾਲੀ ਰਾਜ–
ਕਹਿ ਸਕਦੇ ਹਾਂ ਪਰ ਉਸ ’ਚ ਵੀ ਅਜੇ ਜ਼ਿਆਦਾ ਦੀ ਲੋੜ ਹੈ। ਜਦੋਂ ਟੀਮ, ਖ਼ਾਸ ਤੌਰ ’ਤੇ ਮਹਿਲਾ ਟੀਮ ਹਾਰਦੀ ਹੈ ਤਾਂ ਕ੍ਰਿਟੀਸਿਜ਼ਮ ਜ਼ਿਆਦਾ ਜੈਂਡਰ ਵੱਲ ਹੀ ਹੁੰਦੀ ਹੈ ਪਰ ਜਦੋਂ ਮਰਦ ਟੀਮ ਹਾਰਦੀ ਹੈ ਤਾਂ ਕ੍ਰਿਟੀਸਿਜ਼ਮ ਜ਼ਿਆਦਾ ਗੇਮ ਵੱਲ ਹੁੰਦੀ ਹੈ ਕਿ ਨਹੀਂ ਇਹ ਕੰਪੋਜ਼ੀਸ਼ਨ ਗਲਤ ਹੈ, ਇਹ ਮੂਵ ਗਲਤ ਹੈ ਪਰ ਉਹੀ ਚੀਜ਼ ਸਾਡੇ ਨਾਲ ਨਹੀਂ ਹੁੰਦੀ। ਇਸ ਲਈ ਥੋੜ੍ਹੇ ਬਦਲਾਅ ਦੀ ਲੋੜ ਹੈ। ਤੁਸੀਂ ਮਹਿਲਾ ਸਪੋਰਟਸ ਨੂੰ ਸਪੋਰਟਸ ਲਈ ਵੇਖੋ ਤਾਂ ਹੀ ਇੰਜੁਆਏ ਕਰ ਸਕੋਗੇ। ਜੇ ਤੁਸੀਂ ਕੰਪੈਰੀਜ਼ਨ ਕਰੋਗੇ ਤਾਂ ਕਦੇ ਇੰਜੁਆਏ ਨਹੀਂ ਕਰ ਸਕੋਗੇ।


Rahul Singh

Content Editor

Related News