ਐਮਾਜ਼ੋਨ ਪ੍ਰਾਈਮ ਵੀਡੀਓ ਨੇ ਫ਼ਿਲਮ ‘ਸਰਦਾਰ ਊਧਮ’ ਦਾ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਟਰੇਲਰ ਕੀਤਾ ਰਿਲੀਜ਼

Thursday, Sep 30, 2021 - 01:51 PM (IST)

ਮੁੰਬਈ (ਬਿਊਰੋ)– ਭਾਰਤੀ ਇਤਿਹਾਸ ਦੇ ਸਭ ਤੋਂ ਮਹਾਨ ਸ਼ਹੀਦਾਂ ’ਚੋਂ ਇਕ ਸਰਦਾਰ ਊਧਮ ਸਿੰਘ ਨੂੰ ਵਿਸ਼ੇਸ਼ ਸ਼ਰਧਾਂਜਲੀ ਵਜੋਂ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਬੇਸਬਰੀ ਨਾਲ ਉਡੀਕੀ ਜਾ ਰਹੀ ਐਮਜ਼ੋਨ ਆਰੀਜਨਲ ਫ਼ਿਲਮ ‘ਸਰਦਾਰ ਊਧਮ’ ਦੇ ਟਰੇਲਰ ਨੂੰ ਅੱਜ ਮੁੰਬਈ ’ਚ ਇਕ ਪ੍ਰੈੱਸ ਕਾਨਫਰੰਸ ’ਚ ਰਿਲੀਜ਼ ਕੀਤਾ। ਰੌਨੀ ਲਹਿਰੀ ਤੇ ਸ਼ੀਲ ਕੁਮਾਰ ਵਲੋਂ ਪ੍ਰੋਡਿਊਸ ਕੀਤੀ ਤੇ ਸ਼ੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਇਹ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ਸਰਦਾਰ ਊਧਮ ਸਿੰਘ ਦੀ ਕਹਾਣੀ ਹੈ, ਜਿਨ੍ਹਾਂ ਦੀ ਭੂਮਿਕਾ ਵਿੱਕੀ ਕੌਸ਼ਲ ਨੇ ਨਿਭਾਈ ਹੈ। ਇਸ ਫ਼ਿਲਮ ’ਚ ਸ਼ਾਨ ਸਕੌਟ, ਸਟੀਫਨ ਹੋਗਨ, ਬਨੀਤਾ ਸੰਧੂ ਤੇ ਕ੍ਰਿਸਟੀ ਐਵਰਟਨ ਵੀ ਮੁੱਖ ਭੂਮਿਕਾਵਾਂ ’ਚ ਹਨ ਤੇ ਅਮੋਲ ਪਰਾਸ਼ਰ ਇਕ ਖ਼ਾਸ ਭੂਮਿਕਾ ’ਚ ਹਨ। ਭਾਰਤ ਤੇ ਦੁਨੀਆ ਭਰ ਦੇ 240 ਦੇਸ਼ਾਂ ਤੇ ਪ੍ਰਦੇਸ਼ਾਂ ਦੇ ਪ੍ਰਾਈਮ ਮੈਂਬਰ ਇਸ ਦੁਸਹਿਰੇ ’ਤੇ 16 ਅਕਤੂਬਰ ਨੂੰ ਰਿਲੀਜ਼ ਹੋ ਰਹੀ ‘ਸਰਦਾਰ ਊਧਮ’ ਨੂੰ ਵੇਖ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅੰਤ੍ਰਿਮ ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ

ਅੰਗਰੇਜ਼ਾਂ ਨੇ 1650 ਰਾਊਂਡ ਗੋਲੀਆਂ ਚਲਾਈਆਂ ਸਨ। ਉਨ੍ਹਾਂ ਨੇ ਸਿਰਫ 6 ਹੀ ਗੋਲੀਆਂ ਚਲਾਈਆਂ ਪਰ ਉਨ੍ਹਾਂ 6 ਗੋਲੀਆਂ ਦਾ ਪ੍ਰਭਾਵ ਆਜ਼ਾਦੀ ਘੁਲਾਟੀਆਂ ਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ’ਤੇ ਬਹੁਤ ਡੂੰਘਾ ਅਸਰ ਛੱਡ ਗਈਆਂ। ਇਹ ਟਰੇਲਰ ਸਰਦਾਰ ਊਧਮ ਸਿੰਘ ਦੇ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ, ਜਿਸ ਨੂੰ ਵਿੱਕੀ ਕੌਸ਼ਲ ਨੇ ਪਹਿਲਾਂ ਕਦੇ ਵੀ ਨਾ ਦੇਖੇ ਗਏ ਰੂਪ ’ਚ ਨਿਭਾਇਆ ਹੈ। ਇਹ ਕਹਾਣੀ ਸਾਡੇ ਇਤਿਹਾਸ ਦੀਆਂ ਡੂੰਘੀਆਂ ਦਫਨ ਹੋਈਆਂ ਪਰਤਾਂ ਤੋਂ ਇਕ ਅਣਜਾਣ ਨਾਇਕ ਦੀ ਬਹਾਦਰੀ, ਦ੍ਰਿੜ੍ਹਤਾ ਤੇ ਨਿਡਰਤਾ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਸਰਦਾਰ ਊਧਮ ਸਿੰਘ ਦੇ ਆਪਣੇ ਪਿਆਰੇ ਭਰਾਵਾਂ ਦੀ ਜ਼ਿੰਦਗੀ ਦਾ ਬਦਲਾ ਲੈਣ ਦੇ ਅਣਚਾਹੇ ਮਿਸ਼ਨ ’ਤੇ ਆਧਾਰਿਤ ਹੈ, ਜਿਨ੍ਹਾਂ ਦਾ 1919 ਦੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ’ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਵਿੱਕੀ ਕੌਸ਼ਲ ਨੇ ਕਿਹਾ, ‘ਸਰਦਾਰ ਊਧਮ ਸਿੰਘ ਦੀ ਕਹਾਣੀ ਅਜਿਹੀ ਹੈ, ਜਿਸ ਨੇ ਮੈਨੂੰ ਮੋਹਿਤ ਤੇ ਪ੍ਰੇਰਿਤ ਕੀਤਾ ਹੈ। ਇਹ ਸ਼ਕਤੀ, ਦਰਦ, ਜਨੂੰਨ, ਅਸਾਧਾਰਨ ਹਿੰਮਤ ਤੇ ਕੁਰਬਾਨੀ ਤੇ ਬਹੁਤ ਸਾਰੇ ਅਜਿਹੇ ਸੰਸਕਾਰਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੇ ਨਾਲ ਮੈਂ ਇਸ ਫ਼ਿਲਮ ’ਚ ਆਪਣੇ ਕਿਰਦਾਰ ਰਾਹੀਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਊਧਮ ਸਿੰਘ ਦੇ ਕਿਰਦਾਰ ’ਚ ਉਤਰਨ ਤੇ ਬੇਜੋੜ ਬਹਾਦਰੀ ਤੇ ਦਲੇਰੀ ਵਾਲੇ ਅਜਿਹੇ ਇਨਸਾਨ ਦੀ ਕਹਾਣੀ ’ਚ ਜਾਨ ਪਾਉਣ ਦੇ ਇਰਾਦੇ ਨਾਲ ਇਸ ਭੂਮਿਕਾ ਨੂੰ ਨਿਭਾਉਣ ਲਈ ਬਹੁਤ ਸਾਰੀ ਸਰੀਰਕ ਤੇ ਹੋਰ ਵੀ ਮਾਨਸਿਕ ਤਿਆਰੀ ਦੀ ਜ਼ਰੂਰਤ ਸੀ। ਮੈਂ ਇਸ ਫ਼ਿਲਮ ਰਾਹੀਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਇਕ ਦਿਲਚਸਪ ਪੰਨੇ ਦੀ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਕਰਦਾ ਹਾਂ। ਇਹ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਨਾ ਸਿਰਫ ਭਾਰਤ ’ਚ, ਸਗੋਂ ਵਿਸ਼ਵ ਭਰ ’ਚ ਸੁਣਾਏ ਜਾਣ ਦੀ ਜ਼ਰੂਰਤ ਹੈ ਤੇ ਮੈਨੂੰ ਖੁਸ਼ੀ ਹੈ ਕਿ ਐਮਾਜ਼ੋਨ ਪ੍ਰਾਈਮ ਵੀਡੀਓ ਦੇ ਨਾਲ ‘ਸਰਦਾਰ ਊਧਮ’ ਪੂਰੀ ਦੁਨੀਆ ’ਚ ਪਹੁੰਚੇਗੀ ਤੇ ਵਿਸ਼ਵ ਭਰ ’ਚ ਸਾਡੇ ਇਤਿਹਾਸ ਦਾ ਇਕ ਅੰਸ਼ ਲੈ ਜਾਵੇਗੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News