ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਅਜੇ ਦੇਵਗਨ ਦੀ ‘ਰਨਵੇ 34’ ’ਤੇ ਲਾਏ ਦੋਸ਼, ਕਿਹਾ ਸੱਚਾਈ ਤੋਂ ਕਿਤੇ ਦੂਰ ਹੈ ਫ਼ਿਲਮ
Thursday, May 05, 2022 - 02:00 PM (IST)
ਮੁੰਬਈ (ਬਿਊਰੋ)– ਅਦਾਕਾਰ ਅਜੇ ਦੇਵਗਨ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਰਨਵੇ 34’ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ’ਚ ਬਣੇ ਹੋਏ ਹਨ, ਜਿਸ ’ਚ ਅਜੇ ਨੇ ਪਾਇਲਟ ਦਾ ਰੋਲ ਨਿਭਾਇਆ ਹੈ। ਹਾਲ ਹੀ ’ਚ ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਨੇ ਅਜੇ ਦੀ ਇਸ ਫ਼ਿਲਮ ’ਚ ਪਾਇਲਟਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਫ਼ਿਲਮ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਅਸਲ ਘਟਨਾ ’ਤੇ ਆਧਾਰਿਤ ਹੈ ਪਰ ਫੈਡਰੇਸ਼ਨ ਦਾ ਕਹਿਣਾ ਹੈ ਕਿ ਫ਼ਿਲਮ ਪੂਰੀ ਤਰ੍ਹਾਂ ਕਾਲਪਨਿਕ ਕਹਾਣੀ ਨਾਲ ਸੰਬਧਤ ਹੈ।
ਫ਼ਿਲਮ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ 2015 ’ਚ ਦੋਹਾ ਤੋਂ ਕੋਚੀ ਆ ਰਹੀ ਫਲਾਈਟ ਦੀ ਕ੍ਰੈਸ਼ ਲੈਂਡਿੰਗ ਦੀ ਅਸਲ ਕਹਾਣੀ ਨਾਲ ਸਬੰਧਤ ਹੈ। ਮੌਸਮ ਖ਼ਰਾਬ ਹੋਣ ਕਾਰਨ ਦਿੱਸਣਾ ਘੱਟ ਹੋ ਗਿਆ ਸੀ, ਜਿਸ ਕਾਰਨ ਜਹਾਜ਼ ਕ੍ਰੈਸ਼ ਹੋ ਗਿਆ ਸੀ ਤੇ ਇਸ ’ਚ ਕਈ ਯਾਤਰੀਆਂ ਦੀ ਮੌਤ ਹੋ ਗਈ ਸੀ। ਪਾਇਲਟ ਫੈਡਰੇਸ਼ਨ ਦਾ ਕਹਿਣਾ ਹੈ ਕਿ ਫ਼ਿਲਮ ’ਚ ਜੋ ਦਿਖਾਇਆ ਗਿਆ ਹੈ, ਉਹ ਸੱਚਾਈ ਤੋਂ ਬਹੁਤ ਦੂਰ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਫੈਡਰੇਸ਼ਨ ਦੇ ਸਕੱਤਰ ਨੇ ਕਿਹਾ ਕਿ ਫ਼ਿਲਮ ’ਚ ਜਿਸ ਤਰ੍ਹਾਂ ਪਾਇਲਟਾਂ ਦੇ ਪੇਸ਼ੇ ਨੂੰ ਦਰਸਾਇਆ ਗਿਆ ਹੈ, ਉਹ ਸੱਚਾਈ ਤੋਂ ਕਿਤੇ ਦੂਰ ਹੈ। ਇਸ ਨਾਲ ਜਹਾਜ਼ ’ਚ ਸਫ਼ਰ ਕਰ ਰਹੇ ਯਾਤਰੀਆਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਡਰਾਉਣ ਵਾਲੇ ਸੰਦੇਸ਼ ਪੈਦਾ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰੇ ਮਨੋਰੰਜਨ ਲਈ ਫ਼ਿਲਮ ਨਿਰਦੇਸ਼ਕ ਦੇ ਕਲਾਤਮਕ ਲਾਇਸੰਸ ਦੀ ਸਰਾਹਨਾ ਕਰਦੇ ਹਾਂ ਤੇ ਇਸ ਦਾ ਆਨੰਦ ਲੈਂਦੇ ਹਾਂ। ਇਹ ਇਕ ਦਿਲਚਸਪ ਕਹਾਣੀ ਦੇ ਨਾਮ ’ਤੇ ਏਅਰਲਾਈਨ ਦੇ ਪਾਇਲਟਾਂ ਦਾ ਜਿਸ ਤਰ੍ਹਾਂ ਪੇਸ਼ਾ ਦਿਖਾਇਆ ਗਿਆ ਹੈ। ਉਸ ਨੂੰ ਸਹੀ ਨਹੀਂ ਮੰਨਿਆ ਜਾਣਾ ਚਾਹੀਦਾ। ਪਾਇਲਟ ਹਰ ਰੋਜ਼ ਹਜ਼ਾਰਾਂ ਉਡਾਣਾਂ ਨੂੰ ਜ਼ਿੰਮੇਵਾਰੀ ਤੇ ਪੂਰੀ ਸੁਰੱਖਿਆ ਨਾਲ ਯਾਤਰੀਆਂ ਨੂੰ ਲੈ ਕੇ ਜਾਂਦੇ ਹਨ।
ਫੈਡਰੇਸ਼ਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਫੈਡਰੇਸ਼ਨ ਫ਼ਿਲਮ ਦੇ ਇਸ ਦਾਅਵੇ ਨੂੰ ਖਾਰਜ ਕਰਦਾ ਹੈ ਕਿ ਇਹ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਅਸੀਂ ਇਹ ਗੱਲ ਫ਼ਿਰ ਤੋਂ ਕਹਿ ਰਹੇ ਹਾਂ ਕਿ ਫ਼ਿਲਮ ’ਚ ਜੋ ਕਿਰਦਾਰ ਹਨ, ਉਹ ਸਾਡੇ ਪੇਸ਼ੇ ਨੂੰ ਸਹੀ ਤੇ ਸੱਚੇ ਢੰਗ ਨਾਲ ਪੇਸ਼ ਨਹੀਂ ਕਰਦੇ। ਸਾਡੇ ਪਾਇਲਟ ਆਪਣੀਆਂ ਕੰਪਨੀਆਂ, ਹਵਾਬਾਜ਼ੀ ਰੈਗੂਲੇਟਰਾਂ ਤੇ ਜਨਤਾ ਦੇ ਭਰੋਸੇ ’ਤੇ ਖਰਾ ਉਤਰਨ ਲਈ ਪੇਸ਼ੇਵਰ ਦੇ ਉੱਚੇ ਮਿਆਰਾਂ ਦੀ ਪਾਲਣਾ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।