ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ ''ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ
Tuesday, Oct 10, 2023 - 11:26 AM (IST)
![ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ ''ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ](https://static.jagbani.com/multimedia/2023_10image_11_25_278483768rekha.jpg)
ਬਾਲੀਵੁੱਡ ਡੈਸਕ- ਜਦੋਂ ਵੀ ਬਾਲੀਵੁੱਡ ਦੀਆਂ ਦਿੱਗਜ ਅਦਾਕਾਰਾਂ ਦੀ ਗੱਲ ਹੁੰਦੀ ਹੈ ਤਾਂ ਰੇਖਾ ਦਾ ਨਾਂ ਹਮੇਸ਼ਾ ਸਭ ਤੋਂ ਪਹਿਲਾਂ ਆਉਂਦਾ ਹੈ। ਰੇਖਾ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਹਿੰਦੀ ਸਿਨੇਮਾ ’ਚ ਆਪਣੀ ਵੱਖਰੀ ਪਹਿਚਾਣ ਲੈ ਕੇ ਉਭਰੀ ਹੈ। ਅਦਾਕਾਰਾ ਨੇ ਇੰਡਸਟਰੀ ਨੂੰ ਕਈ ਦਮਦਾਰ ਫ਼ਿਲਮਾਂ ਦਿੱਤੀਆਂ ਹਨ।
ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ
13 ਸਾਲ ਦੀ ਉਮਰ ’ਚ ਰੇਖਾ ਫ਼ਿਲਮਾਂ ’ਚ ਆਈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੂਰੇ ਜੋਸ਼ ’ਚ ਰਹੀ। ਰੇਖਾ ਦਾ ਫ਼ਿਲਮੀ ਸਫ਼ਰ ਜਿੰਨਾ ਖ਼ੂਬਸੂਰਤ ਸੀ, ਉਸ ਦਾ ਨਿੱਜੀ ਜੀਵਨ ਦੁੱਖ, ਚੁਣੌਤੀ, ਸੰਘਰਸ਼ ਅਤੇ ਇਕੱਲਤਾ ਨਾਲ ਭਰਿਆ ਹੋਇਆ ਸੀ।
ਭਾਨੂਰੇਖਾ ਗਣੇਸ਼ਨ ਤੋਂ ਬਣੀ ਰੇਖਾ
ਰੇਖਾ ਅੱਜ ਵੀ ਆਪਣੇ ਨੂਰ ਨਾਲ ਇੰਡਸਟਰੀ ਦੀਆਂ ਨੌਜਵਾਨ ਅਦਾਕਾਰਾਂ ਦਾ ਮੁਕਾਬਲਾ ਕਰਦੀ ਹੈ।ਅੱਜ ਅਸੀਂ ਅਦਾਕਾਰਾ ਦੇ ਜਨਮਦਿਨ ’ਤੇ ਤੁਹਾਨੂੰ ਰੇਖਾ ਬਾਰੇ ਅਣਸੁਣੇ ਕਿੱਸੇ ਦੱਸਾਂਗੇ। ਰੇਖਾ ਦਾ ਪੂਰਾ ਨਾਂ ਭਾਨੂਰੇਖਾ ਗਣੇਸ਼ਨ ਹੈ, ਪਰ ਅਦਾਕਾਰਾ ਕਦੇ ਆਪਣਾ ਸਰਨੇਮ ਨਹੀਂ ਵਰਤਦੀ।
ਕਰੀਅਰ ਦੀ ਸ਼ੁਰੂਆਤ
ਰੇਖਾ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਰੰਗ-ਰੂਪ ਅਤੇ ਸਰੀਰ ਦੀ ਬਣਤਰ ਕਾਰਨ ਕਈ ਵਾਰ ਨਕਾਰੀ ਗਈ ਸੀ ਪਰ ਅਦਾਕਾਰਾ ਹੁਣ ਤੱਕ 180 ਫ਼ਿਲਮਾਂ ਕਰ ਚੁੱਕੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕਈ ਪੁਰਸਕਾਰ ਆਪਣੇ ਨਾਂ ਕੀਤੇ ਹਨ। ਰੇਖਾ ਲਗਭਗ 331 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ। 68 ਸਾਲ ਦੀ ਰੇਖਾ ਦਾ ਫ਼ਿਲਮੀ ਕਰੀਅਰ ਲਗਭਗ 5 ਦਹਾਕਿਆਂ ਦਾ ਹੈ।
ਰੇਖਾ ਦੇ ਪਿਤਾ ਰਾਮਾਸਵਾਮੀ ਗਣੇਸ਼ਨ ਹਨ ਜੋ ਕਿ ਜੇਮਿਨੀ ਗਣੇਸ਼ਨ ਦੇ ਨਾਂ ਨਾਲ ਮਸ਼ਹੂਰ ਸਨ। ਰੇਖਾ ਦੇ ਪਿਤਾ ਤਾਮਿਲ ਇੰਡਸਟਰੀ ਦੇ ਮਸ਼ਹੂਰ ਸਟਾਰ ਸਨ। ਰੇਖਾ ਦੀ ਮਾਂ ਪੁਸ਼ਪਾਵੱਲੀ ਤਾਮਿਲ ਇੰਡਸਟਰੀ ਦੀ ਅਦਾਕਾਰਾ ਸੀ। ਖ਼ਬਰਾਂ ਮੁਤਾਬਰ ਕਿਹਾ ਜਾਂਦਾ ਹੈ ਕਿ ਰੇਖਾ ਦਾ ਜਨਮ ਹੋਇਆ ਤਾਂ ਉਸ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ। ਜੇਮਿਨੀ ਦੇ ਚਾਰ ਵਿਆਹ ਸਨ, ਪਰ ਉਸਨੇ ਉਸਦੀ ਮਾਂ ਨਾਲ ਵਿਆਹ ਨਹੀਂ ਕੀਤਾ ਅਤੇ ਜੇਮਿਨੀ ਰੇਖਾ ਨੂੰ ਆਪਣੀ ਧੀ ਨਹੀਂ ਮੰਨਦੇ ਸੀ। ਇਸ ਲਈ ਰੇਖਾ ਆਪਣੇ ਪਿਤਾ ਤੋਂ ਨਫ਼ਰਤ ਕਰਦੀ ਸੀ ਅਤੇ ਆਪਣੇ ਨਾਂ ਨਾਲ ਉਪਨਾਮ ਦੀ ਵਰਤੋਂ ਨਹੀਂ ਕਰਦੀ ਸੀ।
ਆਪਣੇ ਪਿਤਾ ਜੇਮਿਨੀ ਗਣੇਸ਼ਨ ਨੂੰ ਨਫ਼ਰਤ ਕਰਨ ਤੋਂ ਬਾਅਦ ਰੇਖਾ ਦੀ ਜ਼ਿੰਦਗੀ ’ਚ ਇਕ ਸਮਾਂ ਅਜਿਹਾ ਆਇਆ ਜਦੋਂ ਉਸਨੇ ਪੁਰਸਕਾਰ ਦੌਰਾਨ ਆਪਣੇ ਪਿਤਾ ਦੇ ਪੈਰ ਛੂਹੇ। 1994 ’ਚ ਫ਼ਿਲਮਫ਼ੇਅਰ ਐਵਾਰਡਜ਼ ਦੌਰਾਨ ਜੇਮਿਨੀ ਗਣੇਸ਼ਨ ਨੂੰ ਲਾਈਫ਼ਟਾਈਮ ਐਵਾਰਡ ਦਿੱਤਾ ਜਾ ਰਿਹਾ ਸੀ, ਜੋ ਰੇਖਾ ਨੇ ਆਪਣੇ ਹੱਥਾਂ ਨਾਲ ਦਿੱਤਾ ਸੀ। ਆਪਣੇ ਪਿਤਾ ਨੂੰ ਦੇਖ ਕੇ ਰੇਖਾ ਨੇ ਉਨ੍ਹਾਂ ਦੇ ਪੈਰ ਛੂਹ ਲਏ। ਦੱਸਿਆ ਜਾਂਦਾ ਹੈ ਕਿ ਇਸ ਸਮੇਂ ਦੋਵੇਂ ਇਕ-ਦੂਜੇ ਨੂੰ ਦੇਖ ਕੇ ਰੋ ਰਹੇ ਸਨ।