ਅਮਰੀਕੀ ਰੈਪਰ ਪੀ. ਐੱਨ. ਬੀ. ਰੌਕ ਦਾ ਗੋਲੀ ਮਾਰ ਕੇ ਕਤਲ, ਗਰਲਫਰੈਂਡ ਨਾਲ ਰੈਸਟੋਰੈਂਟ ’ਚ ਖਾ ਰਿਹਾ ਸੀ ਖਾਣਾ
Tuesday, Sep 13, 2022 - 05:59 PM (IST)
ਮੁੰਬਈ (ਬਿਊਰੋ)– ਅਮਰੀਕੀ ਰੈਪਰ ਪੀ. ਐੱਨ. ਬੀ. ਰੌਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਪੇਨਸਿਲਵੇਨੀਆ ਦੇ ਫਿਲਾਡੇਲਫੀਆ ਦੇ ਰਹਿਣ ਵਾਲੇ ਰੈਪਰ ਪੀ. ਐੱਨ. ਬੀ. ਰੌਕ ਨੂੰ ਜਦੋਂ ਗੋਲੀ ਮਾਰੀ ਗਈ ਤਾਂ ਉਸ ਸਮੇਂ ਉਹ ਆਪਣੀ ਗਰਲਫਰੈਂਡ ਨਾਲ ਰੈਸਟੋਰੈਂਟ ’ਚ ਖਾਣਾ ਖਾ ਰਿਹਾ ਸੀ। ਅਮਰੀਕੀ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਰੈਪਰ ਪੀ. ਐੱਨ. ਬੀ. ਸਾਲ 2016 ’ਚ ਆਏ ਆਪਣੇ ‘ਸੈਲਫਿਸ਼’ ਗੀਤ ਨੂੰ ਲੈ ਕੇ ਮਸ਼ਹੂਰ ਸੀ। ਮੌਤ ਤੋਂ ਪਹਿਲਾਂ ਪੀ. ਐੱਨ. ਬੀ. ਨੇ ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ਦੇ ਕੁਝ ਮਿੰਟਾਂ ਬਾਅਦ ਹੀ ਪੀ. ਐੱਨ. ਬੀ. ਨੂੰ ਗੋਲੀ ਮਾਰ ਦਿੱਤੀ ਗਈ ਸੀ।
ਪੀ. ਐੱਨ. ਬੀ. ਦਾ ਅਸਲੀ ਨਾਂ ਰਕੀਮ ਹਾਸ਼ਿਮ ਐਲਨ ਹੈ। ਪੁਲਸ ਦਾ ਕਹਿਣਾ ਹੈ ਕਿ ਪੀ. ਐੱਨ. ਬੀ. ਨੂੰ ਸੋਮਵਾਰ ਦਪਹਿਰ ਨੂੰ ਦੱਖਣੀ ਲਾਸ ਏਂਜਲਸ ’ਚ ਰੋਸਕੋਜ਼ ਚਿਕਨ ਐਂਡ ਵੇਫਲਸ ਰੈਸਟੋਰੈਂਟ ’ਚ ਇਕ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਖੁੱਲ੍ਹੀ ਪੋਲ, ਖਾਲੀ ਪਏ ਸਿਨੇਮਾਘਰ, ਫਿਰ ਕਿਥੋਂ ਹੋ ਰਹੀ ਕਰੋੜਾਂ ਦੀ ਕਮਾਈ?
ਖ਼ਬਰਾਂ ਮੁਤਾਬਕ ਜਦੋਂ ਪੀ. ਐੱਨ. ਬੀ. ਨੂੰ ਗੋਲੀ ਮਾਰੀ ਗਈ ਤਾਂ ਉਹ ਆਪਣੀ ਗਰਲਫਰੈਂਡ ਸਟੇਫਨੀ ਨਾਲ ਰੈਸਟੋਰੈਂਟ ’ਚ ਸੀ। ਗਰਲਫਰੈਂਡ ਸਟੇਫਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਰੈਸਟੋਰੈਂਟ ਦੇ ਨਾਂ ਨੂੰ ਚੈੱਕਇਨ ਕੀਤਾ ਤੇ ਟੈਗ ਕੀਤਾ ਸੀ। ਇਸ ਸੋਸ਼ਲ ਮੀਡੀਆ ਪੋਸਟ ਦੇ ਸਿਰਫ 20 ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਸ਼ੂਟਰ ਨੇ ਗੋਲੀ ਮਾਰ ਦਿੱਤੀ। ਕੁਝ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਪੋਸਟ ਕਾਰਨ ਹੀ ਸ਼ੂਟਰ ਨੂੰ ਰੈਪਰ ਦੇ ਟਿਕਾਣੇ ਦਾ ਪਤਾ ਲੱਗਾ ਹੈ।
ਪੁਲਸ ਸੂਤਰਾਂ ਮੁਤਾਬਕ ਲੁਟੇਰਿਆਂ ਦੀ ਨਜ਼ਰ ਪੀ. ਐੱਨ. ਬੀ. ਦੇ ਗਹਿਣਿਆਂ ’ਤੇ ਸੀ। ਇਸ ਵਿਚਾਲੇ ਲੁਟੇਰੇ ਨੇ ਰੈਪਰ ਨੂੰ ਗੋਲੀ ਮਾਰੀ ਤੇ ਭੱਜ ਗਏ। ਪੁਲਸ ਨੇ ਕਿਹਾ ਕਿ ਰੈਸਟੋਰੈਂਟ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।