ਹਸਪਤਾਲ ਤੋਂ ਮਿਲੀ ਸੁਪਰਸਟਾਰ ਰਜਨੀਕਾਂਤ ਨੂੰ ਛੁੱਟੀ, ਡਾਕਟਰਾਂ ਨੇ ਦਿੱਤੀ ਸਲਾਹ
Sunday, Dec 27, 2020 - 07:20 PM (IST)

ਮੁੰਬਈ (ਬਿਊਰੋ)– ਸੁਪਰਸਟਾਰ ਰਜਨੀਕਾਂਤ ਨੂੰ ਹੈਦਰਾਬਾਦ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਪੋਲੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਹੈਦਰਾਬਾਦ ਦੇ ਅਪੋਲੋ ਹਸਪਤਾਲ ਦੀ ਤਰਫੋਂ ਐਤਵਾਰ ਨੂੰ ਦੱਸਿਆ ਗਿਆ ਕਿ ਅਦਾਕਾਰ ਰਜਨੀਕਾਂਤ ਦੀ ਮੈਡੀਕਲ ਜਾਂਚ ਰਿਪੋਰਟ ਚਿੰਤਾਜਨਕ ਨਹੀਂ ਹੈ ਤੇ ਉਹ ਬਲੱਡ ਪ੍ਰੈਸ਼ਰ ’ਚ ਉਤਾਰ-ਚੜ੍ਹਾਅ ਦਾ ਇਲਾਜ ਕਰਵਾ ਰਹੇ ਸਨ।
ਰਜਨੀਕਾਂਤ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਦੁਆਰਾ ਸਲਾਹ ਦਿੱਤੀ ਗਈ ਹੈ ਕਿ ਰਜਨੀਕਾਂਤ ਨੂੰ ਫਿਲਹਾਲ ਕਿਸੇ ਕਿਸਮ ਦਾ ਦਬਾਅ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੂੰ ਤਣਾਅ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਹਸਪਤਾਲ ਨੇ 70 ਸਾਲਾ ਅਦਾਕਾਰ ਦੀ ਸਿਹਤ ਨਾਲ ਜੁੜੇ ਮੈਡੀਕਲ ਬੁਲੇਟਿਨ ’ਚ ਕਿਹਾ ਸੀ ਕਿ ‘ਸਾਰੀਆਂ ਜਾਂਚ ਰਿਪੋਰਟਾਂ ਮਿਲੀਆਂ ਹਨ ਤੇ ਕੋਈ ਚਿੰਤਾਜਨਕ ਗੱਲ ਸਾਹਮਣੇ ਨਹੀਂ ਆਈ ਹੈ।’
ਰਜਨੀਕਾਂਤ ਦਾ ਬਲੱਡ ਪ੍ਰੈਸ਼ਰ ਬਹੁਤ ਅਸਥਿਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਕੁਝ ਦਿਨ ਪਹਿਲਾਂ ਅਦਾਕਾਰ ਨੇ ਫ਼ਿਲਮ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ।
ਹਾਲਾਂਕਿ ਬਾਅਦ ’ਚ ਅਦਾਕਾਰ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਸੀ। ਰਜਨੀਕਾਂਤ 2021 ’ਚ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਰਾਜਨੀਤਕ ਪਾਰਟੀ ਦੀ ਸ਼ੁਰੂਆਤ ਕਰਨ ਵਾਲੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।