ਰਾਘਵ-ਪਰਿਣੀਤੀ ਨੇ ਲਏ ਫੇਰੇ, ਕਿਸ਼ਤੀ ’ਚ ਪਹੁੰਚੀ ਬਾਰਾਤ, ਦੂਰ-ਦੂਰ ਤੱਕ ਗੂੰਜੇ ਵਿਆਹ ਦੇ ਮੰਤਰ

Sunday, Sep 24, 2023 - 06:30 PM (IST)

ਮੁੰਬਈ (ਬਿਊਰੋ)– ਫ਼ਿਲਮ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਜਨੇਤਾ ਰਾਘਵ ਚੱਢਾ ਦਾ ਵਿਆਹ ਅੱਜ ਉਦੈਪੁਰ ’ਚ ਹੋ ਰਿਹਾ ਹੈ। ਦੋਵਾਂ ਦਾ ਵਿਆਹ ਸੂਰਜ ਡੁੱਬਣ ਦੇ ਸਮੇਂ ਉਦੈਪੁਰ ਦੇ ਲੀਲਾ ਪੈਲੇਸ ’ਚ ਹੋਇਆ। ਹਾਲਾਂਕਿ ਇਹ ਪੂਰਾ ਸਮਾਰੋਹ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਦੋਸਤਾਂ ਤੇ ਜਾਣੂਆਂ ਤੱਕ ਸੀਮਤ ਰੱਖਿਆ ਗਿਆ ਸੀ ਪਰ ਪਾਪਾਰਾਜ਼ੀ ਤੇ ਮੀਡੀਆ ਨੇ ਇਸ ਸਮਾਗਮ ਨੂੰ ਦੂਰੋਂ ਹੀ ਆਪਣੇ ਅੰਦਾਜ਼ ’ਚ ਕਵਰ ਕੀਤਾ। ਇਸ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ, ਜਿਨ੍ਹਾਂ ’ਚ ਅਜਿਹੀਆਂ ਵੀਡੀਓਜ਼ ਵੀ ਸ਼ਾਮਲ ਹਨ, ਜਿਨ੍ਹਾਂ ’ਚ ਵਿਆਹ ਵਾਲੀ ਥਾਂ ਤੋਂ ਮੰਤਰ ਗੂੰਜਦੇ ਸੁਣੇ ਜਾ ਸਕਦੇ ਹਨ। ਵਿਆਹ ਲਈ ‘ਆਪ’ ਨੇਤਾ ਰਾਘਵ ਆਪਣੀ ਬਾਰਾਤ ਨਾਲ ਤਾਜ ਲੇਕ ਪੈਲੇਸ ਤੋਂ ਕਿਸ਼ਤੀਆਂ ’ਤੇ ਲੀਲਾ ਪੈਲੇਸ ਪਹੁੰਚੇ, ਜਿਥੇ ਵਿਆਹ ਦੀ ਰਸਮ ਸੂਰਜ ਡੁੱਬਣ ਦੇ ਨਾਲ ਸ਼ੁਰੂ ਹੋਈ।

ਇਹ ਖ਼ਬਰ ਵੀ ਪੜ੍ਹੋ : ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ

ਸ਼ਾਹੀ ਅੰਦਾਜ਼ ’ਚ ਹੋਏ ਇਸ ਵਿਆਹ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਯੁਵਾ ਸੈਨਾ ਦੇ ਆਦਿਤਿਆ ਠਾਕਰੇ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਕ੍ਰਿਕਟਰ ਹਰਭਜਨ ਸਿੰਘ, ਗੀਤਾ ਬਸਰਾ ਤੇ ਅਦਾਕਾਰਾ ਭਾਗਿਆਸ਼੍ਰੀ ਸ਼ਾਮਲ ਹਨ। ਹਰਭਜਨ ਸਿੰਘ ਦੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਨੇ ਇਕ ਵੀਡੀਓ ਸਾਂਝੀ ਕੀਤੀ, ਜਦੋਂ ਉਹ ਵਿਆਹ ’ਚ ਸ਼ਾਮਲ ਹੋਣ ਲਈ ਕਿਸ਼ਤੀ ’ਚ ਬੈਠੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਕਾਲੀ ਕਮੀਜ਼-ਪੈਂਟ ਤੇ ਚਿੱਟੀ ਪੱਗ ’ਚ ਰਾਘਵ ਚੱਢਾ ਦੀ ਬਾਰਾਤ ’ਚ ਨਜ਼ਰ ਆਏ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀਲੀ ਪੱਗ ਦੇ ਨਾਲ ਕਰੀਮ ਕੁੜਤਾ-ਪਜਾਮਾ ਪਹਿਨੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਵਿਆਹ ਲਈ ਲਾੜਾ-ਲਾੜੀ ਨੇ ਸਫੈਦ ਕਰੀਮ ਰੰਗ ਦੇ ਡਿਜ਼ਾਈਨਰ ਕੱਪੜੇ ਪਹਿਨੇ ਸਨ।

ਇਸ ਦੌਰਾਨ ਪਰਿਣੀਤੀ ਦੀ ਚਚੇਰੀ ਭੈਣ ਤੇ ਅਦਾਕਾਰਾ ਪ੍ਰਿਅੰਕਾ ਚੋਪੜਾ, ਉਨ੍ਹਾਂ ਦੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਵਿਆਹ ’ਚ ਸ਼ਾਮਲ ਹੋਣ ਲਈ ਭਾਰਤ ਨਹੀਂ ਆਏ। ਪਿਛਲੇ ਦੋ ਦਿਨਾਂ ਤੋਂ ਚਰਚਾ ਸੀ ਕਿ ਪ੍ਰਿਅੰਕਾ ਇਸ ਸਮਾਰੋਹ ’ਚ ਆ ਰਹੀ ਹੈ। ਹਾਲਾਂਕਿ ਸਮਾਰੋਹ ’ਚ ਪ੍ਰਿਅੰਕਾ ਦੀ ਮਾਂ ਡਾਕਟਰ ਮਧੂ ਚੋਪੜਾ ਮੌਜੂਦ ਸੀ। ਹਾਲਾਂਕਿ ਸ਼ਨੀਵਾਰ ਨੂੰ ਇੰਸਟਾਗ੍ਰਾਮ ’ਤੇ ਪਰਿਣੀਤੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਿਅੰਕਾ ਨੇ ਸੰਕੇਤ ਦਿੱਤਾ ਸੀ ਕਿ ਉਹ ਪਰਿਣੀਤੀ ਦੇ ਵਿਆਹ ’ਚ ਮੌਜੂਦ ਨਹੀਂ ਹੋਵੇਗੀ। ਕਿਹਾ ਜਾਂਦਾ ਹੈ ਕਿ ਉਹ ਆਪਣੇ ਕੰਮ ਕਾਰਨ ਅਜਿਹਾ ਨਹੀਂ ਕਰ ਸਕੀ। ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦੇ ਵੀ ਉਦੈਪੁਰ ਪਹੁੰਚਣ ਦੀਆਂ ਖ਼ਬਰਾਂ ਸਨ ਪਰ ਉਹ ਵੀ ਨਜ਼ਰ ਨਹੀਂ ਆਏ। ਖ਼ਬਰਾਂ ਮੁਤਾਬਕ ਰਾਤ 8:30 ਵਜੇ ਲੀਲਾ ਪੈਲੇਸ ’ਚ ਹੋਣ ਵਾਲੀ ਰਿਸੈਪਸ਼ਨ ’ਚ ਲਾੜਾ-ਲਾੜੀ ਮਹਿਮਾਨਾਂ ਨਾਲ ਜਸ਼ਨ ਮਨਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News