ਬੇਮੌਸਮੀ ਬਾਰਿਸ਼ ਨੇ ਫਿੱਕੀ ਕੀਤੀ ਕਣਕ ਦੀ ਚਮਕ: ਗੁਰਦਾਸਪੁਰ ਦੀਆਂ ਮੰਡੀਆਂ ''ਚ ਕੇਂਦਰੀ ਟੀਮ ਦੀ ਦਸਤਕ, ਲਏ ਸੈਂਪਲ
Wednesday, Apr 15, 2026 - 03:52 AM (IST)
ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਵੱਲੋਂ ਗੁਰਦਾਸਪੁਰ ਜ਼ਿਲੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਗੁਰਦਾਸਪੁਰ ਦੀ ਮੁੱਖ ਦਾਣਾ ਮੰਡੀ ’ਚ ਪਹੁੰਚੀ ਕਣਕ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਅਗਲੇਰੀ ਕਾਰਵਾਈ ਲਈ ਵੱਖ-ਵੱਖ ਢੇਰੀਆਂ ਤੋਂ ਸੈਂਪਲ ਇਕੱਤਰ ਕੀਤੇ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਮੰਡੀਆਂ ’ਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਹ ਵੀ ਪੜ੍ਹੋ : ਲੁਟੇਰਿਆਂ ਦੇ ਹਮਲੇ ਦੇ ਬਾਵਜੂਦ ਵਿਦਿਆਰਥੀ ਨੇ ਦਿਖਾਈ ਬਹਾਦਰੀ, ਇਲਾਕੇ 'ਚ ਚਰਚਾ
ਇਸ ਮੌਕੇ ਗੱਲਬਾਤ ਕਰਦਿਆਂ ਏ. ਐੱਫ. ਐੱਸ. ਸੀ. ਕੰਵਲਜੀਤ ਸਿੰਘ ਅਤੇ ਆੜ੍ਹਤੀ ਅਸ਼ੋਕ ਵੈਦ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਕਾਰਨ ਕਣਕ ਦੇ ਦਾਣੇ ਦੀ ਕੁਦਰਤੀ ਚਮਕ ਫਿੱਕੀ ਪੈ ਗਈ ਹੈ ਅਤੇ ਦਾਣੇ ’ਚ ਨਮੀ ਦੀ ਮਾਤਰਾ ਵੀ ਕਾਫੀ ਵੱਧ ਗਈ ਹੈ। ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਥਾਵਾਂ ਤੋਂ ਕਣਕ ਦੇ ਨਮੂਨੇ ਲਏ ਹਨ ਤਾਂ ਜੋ ਲੈਬਾਰਟਰੀ ਟੈਸਟ ਰਾਹੀਂ ਇਹ ਪਤਾ ਲਗਾਇਆ ਜਾ ਸਕੇ ਕਿ ਪ੍ਰਭਾਵਿਤ ਫ਼ਸਲ ਸਰਕਾਰ ਵੱਲੋਂ ਨਿਰਧਾਰਿਤ ਖਰੀਦ ਮਾਪਦੰਡਾਂ ’ਚ ਕਿੰਨੀ ਕੁ ਢਿੱਲ ਦੀ ਹੱਕਦਾਰ ਹੈ। ਦੌਰੇ ਦੌਰਾਨ ਕਿਸਾਨਾਂ ਨੇ ਟੀਮ ਅੱਗੇ ਆਪਣਾ ਦੁੱਖੜਾ ਸੁਣਾਉਂਦਿਆਂ ਮੰਗ ਕੀਤੀ ਕਿ ਖ਼ਰਾਬ ਹੋਈ ਫ਼ਸਲ ’ਤੇ ਲਗਾਈ ਜਾਣ ਵਾਲੀ ‘ਵੈਲਿਊ ਕੱਟ’ (ਕੀਮਤ ਦੀ ਕਟੌਤੀ) ਨੂੰ ਤੁਰੰਤ ਖ਼ਤਮ ਕੀਤਾ ਜਾਵੇ ਅਤੇ ਮੰਡੀਆਂ ’ਚ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਵੇਦਾਂਤਾ ਪਾਵਰ ਪਲਾਂਟ ਧਮਾਕਾ ਮਾਮਲੇ 'ਚ ਹੁਣ ਤੱਕ 12 ਲੋਕਾਂ ਦੀ ਮੌਤ, CM ਸੋਰੇਨ ਨੇ ਜਤਾਇਆ ਦੁੱਖ
ਕੇਂਦਰੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਹ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਰਾਹਤ ਲਈ ਸਿਫ਼ਾਰਸ਼ਾਂ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਕਿਸਾਨਾਂ ਨੂੰ ਵੱਧ ਤੋਂ ਵੱਧ ਰਾਹਤ ਪਹੁੰਚਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਮੰਡੀਆਂ ’ਚ ਖੱਜਲ-ਖੁਆਰ ਨਾ ਹੋਣਾ ਪਵੇ। ਦੂਜੇ ਪਾਸੇ ਬਾਰਿਸ਼ ਕਾਰਨ ਕਣਕ ’ਚ ਨਮੀ ਦੀ ਮਾਤਰਾ 15 ਤੋਂ 17 ਫੀਸਦੀ ਤੱਕ ਰਿਕਾਰਡ ਕੀਤੀ ਗਈ ਹੈ, ਜਿਸ ਕਾਰਨ ਸਰਕਾਰੀ ਖਰੀਦ ਏਜੰਸੀਆਂ ਅਜੇ ਖਰੀਦ ਕਰਨ ਤੋਂ ਝਿਜਕ ਰਹੀਆਂ ਹਨ। ਇਸ ਮੌਕੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ, ਖ਼ੁਰਾਕ ਤੇ ਸਪਲਾਈ ਵਿਭਾਗ ਦੇ ਨੁਮਾਇੰਦੇ ਅਤੇ ਭਾਰਤੀ ਖ਼ੁਰਾਕ ਨਿਗਮ (ਐੱਫ. ਸੀ. ਆਈ.) ਦੇ ਅਧਿਕਾਰੀ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
