ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਟਰੇਲਰ

06/01/2023 10:22:52 AM

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਹਾਸੇ ਨਾਲ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੜੇ ਲੰਮੇ ਸਮੇਂ ਬਾਅਦ ਕਿਸੇ ਪੰਜਾਬੀ ਫ਼ਿਲਮ ਦਾ ਅਜਿਹਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਬੇਹੱਦ ਮਜ਼ੇਦਾਰ ਤੇ ਮਸਤੀ ਭਰਪੂਰ ਹੈ। ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਨੂੰ ਮਿਲ ਰਹੇ ਪਿਆਰ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿਥੇ ‘ਕੈਰੀ ਆਨ ਜੱਟਾ 1’ ਤੇ ‘ਕੈਰੀ ਆਨ ਜੱਟਾ 2’ ’ਚ ਵਿਆਹ ਤੋਂ ਬਾਅਦ ਦੀ ਕਨਫਿਊਜ਼ਨ ਤੇ ਹਾਲਾਤ ਨੂੰ ਕਾਮੇਡੀ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ, ਉਥੇ ਇਸ ਵਾਰ ਵਿਆਹ ਨੂੰ ਲੈ ਕੇ ਹੋਣ ਵਾਲੀ ਕਨਫਿਊਜ਼ਨ ਤੇ ਹਾਲਾਤ ਨੂੰ ਕਾਮੇਡੀ ਦਾ ਤੜਕਾ ਲਗਾਇਆ ਗਿਆ ਹੈ। 
ਟਰੇਲਰ ’ਚ ਦੇਖਣ ਨੂੰ ਮਿਲਦਾ ਹੈ ਕਿ ਗਿੱਪੀ ਗਰੇਵਾਲ ਸੋਨਮ ਬਾਜਵਾ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ਇਸ ਦੇ ਨਾਲ ਹੀ ਕਵਿਤਾ ਕੌਸ਼ਿਕ ਨਾਲ ਵਿਆਹ ਕਰਨ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ, ਜੋ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਹੁਣ ਗਿੱਪੀ ਦਾ ਵਿਆਹ ਕਿਸ ਨਾਲ ਹੁੰਦਾ ਹੈ ਤੇ ਇਸ ਵਿਆਹ ਨੂੰ ਲੈ ਕੇ ਪੈਦਾ ਹੋਏ ਮਾਹੌਲ ਨੂੰ ਕਿਵੇਂ ਕਾਮੇਡੀ ਰਾਹੀਂ ਬਿਆਨ ਕੀਤਾ ਜਾਵੇਗਾ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰ ਨਿਭਾਅ ਰਹੇ ਹਨ।

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਇਸ ਦੇ ਪਹਿਲੇ ਦੋ ਪਾਰਟਸ ਵੀ ਡਾਇਰੈਕਟ ਕਰ ਚੁੱਕੇ ਹਨ। ਇਸ ਫ਼ਿਲਮ ਦੀ ਕਹਾਣੀ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖੀ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਦੇ ਲਿਖੇ ਹੋਏ ਹਨ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਕੈਰੀ ਆਨ ਜੱਟਾ 3’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News