ਹਾਲੀਵੁੱਡ ਫਿਲਮ ''ਬੇਵਾਚ'' ''ਚ ਨਜ਼ਰ ਆਏਗੀ ਪ੍ਰਿਯੰਕਾ

01/14/2016 12:45:45 PM

ਲਾਸ ਏਂਜਲਸ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਪਹਿਲੀ ਹਾਲੀਵੁੱਡ ਫਿਲਮ ''ਬੇਵਾਚ'' ਸਾਈਨ ਕਰ ਲਈ ਹੈ, ਜਿਸ ''ਚ ਉਸ ਨਾਲ ਇਵੇਨ ਜਾਨਸਨ ਅਤੇ ਜੈਕ ਐਫਰਨ ਨਜ਼ਰ ਆਉਣਗੇ। ਫਿਲਮ ਦੇ ਲੇਖਕਾਂ ਡੈਮੀਅਨ ਸ਼ੈਨਨ ਅਤੇ ਮਾਰਕ ਸਵਿਫਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਸਕ੍ਰਿਪਟਰਾਈਟਰਾਂ ਨੇ ਆਪਣੇ ਸਾਂਝੇ ਟਵਿਟਰ ਖਾਤਿਆਂ ਰਾਹੀਂ ਪ੍ਰਿਯੰਕਾ ਦੇ ਇਸ ਫਿਲਮ ਨਾਲ ਜੁੜਨ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ''ਦਿ ਹਾਲੀਵੁੱਡ ਰਿਪੋਰਟਰ'' ਦੀ ਇਕ ਖ਼ਬਰ ਨੂੰ ਦੁਬਾਰਾ ਟਵੀਟ ਕਰਦਿਆਂ ਲਿਖਿਆ, ''''ਇਸ ''ਤੇ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਸੀ। ਅਸੀਂ ਉਨ੍ਹਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।''''
ਜ਼ਿਕਰਯੋਗ ਹੈ ਕਿ ''ਬੇਵਾਚ'' 1990 ਦੇ ਦਹਾਕੇ ''ਚ ਆਈ ਲੋਕਪ੍ਰਿਯ ਟੀ.ਵੀ. ਸੀਰੀਜ਼ ਦਾ ਫਿਲਮੀ ਵਰਜ਼ਨ ਹੈ। ਇਹ ਟੀ.ਵੀ. ਸੀਰੀਜ਼ ਕੈਲੀਫੋਰਨੀਆ ਦੇ ਲਾਈਫਗਾਈਡਸ ''ਤੇ ਅਧਾਰਿਤ ਸੀ। ਸੇਥ ਗੋਰਡਨ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਅਤੇ ਪ੍ਰਿਯੰਕਾ ਇਸ ''ਚ ਇਕ ਨਾਕਾਰਾਤਮਕ ਭੂਮਿਕਾ ਨਿਭਾਏਗੀ।
ਪ੍ਰਿਯੰਕਾ ਆਪਣੇ ਅਮਰੀਕੀ ਟੀ.ਵੀ. ਸੀਰੀਜ਼ ''ਕਵਾਂਟਿਕੋ'' ਰਾਹੀਂ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ''ਤੇ ਸੁਰਖੀਆਂ ਬਟੋਰ ਚੁੱਕੀ ਹੈ। ਹੁਣੇ ਜਿਹੇ ਆਈ ਉਸ ਦੀ ਹਿੰਦੀ ਫਿਲਮ ''ਬਾਜੀਰਾਵ ਮਸਤਾਨੀ'' ਬਾਕਸ ਆਫਿਸ ''ਤੇ ਸਫਲ ਰਹੀ ਅਤੇ ਉਸ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਹੋਈ।


Related News