ਸਾਬਕਾ PM ਦੇਵੇਗੌੜਾ ਦੇ ਪੋਤੇ ਦੀ ਰਾਸਲੀਲ੍ਹਾ, ਪ੍ਰਿਯੰਕਾ ਗਾਂਧੀ ਨੇ ਚੁੱਕੇ ਸਵਾਲ

Tuesday, Apr 30, 2024 - 10:44 AM (IST)

ਸਾਬਕਾ PM ਦੇਵੇਗੌੜਾ ਦੇ ਪੋਤੇ ਦੀ ਰਾਸਲੀਲ੍ਹਾ, ਪ੍ਰਿਯੰਕਾ ਗਾਂਧੀ ਨੇ ਚੁੱਕੇ ਸਵਾਲ

ਬੈਂਗਲੁਰੂ- ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦਾ ਪਰਿਵਾਰ ਕਥਿਤ ਸੈਕਸ ਸਕੈਂਡਲ ’ਚ ਉਲਝਿਆ ਹੋਇਆ ਹੈ। ਦੇਵੇਗੌੜਾ ਦੇ ਵਿਧਾਇਕ ਪੁੱਤਰ ਐੱਚ. ਡੀ. ਰੇਵੰਨਾ ਤੇ ਪੋਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਵਿਰੁੱਧ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਐੱਫ.ਆਈ.ਆਰ. ਪ੍ਰਜਵਲ ਦੇ ਘਰ ਕੁੱਕ ਵਜੋਂ ਕੰਮ ਕਰਨ ਵਾਲੀ ਇਕ ਨੌਕਰਾਣੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਨੌਕਰਾਣੀ ਦਾ ਦਾਅਵਾ ਹੈ ਕਿ ਉਹ ਰੇਵੰਨਾ ਦੀ ਪਤਨੀ ਭਵਾਨੀ ਦੀ ਰਿਸ਼ਤੇਦਾਰ ਹੈ। ਐੱਫ. ਆਈ. ਆਰ. ਹੋਲੇਨਰਸੀਪੁਰ ਥਾਣੇ ’ਚ ਦਰਜ ਕੀਤੀ ਗਈ ਹੈ। ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਕਰਨਾਟਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਐੱਸ. ਆਈ. ਟੀ. ਜਾਂਚ ਦੀ ਮੰਗ ਕੀਤੀ ਸੀ। ਤਿੰਨ ਮੈਂਬਰੀ ਐੱਸ. ਆਈ. ਟੀ. ਦੀ ਅਗਵਾਈ ਏ. ਡੀ. ਜੀ. ਪੀ. ਬਿਜੈ ਕੁਮਾਰ ਸਿੰਘ ਕਰ ਰਹੇ ਹਨ। ਮੁੱਖ ਮੰਤਰੀ ਸਿੱਧਰਮਈਆ ਨੇ ਜਲਦੀ ਤੋਂ ਜਲਦੀ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਹਨ।

ਕੀ ਹਨ ਦੋਸ਼?

ਦਰਜ ਕਰਵਾਈ ਗਈ ਐੱਫ. ਆਈ. ਆਰ. ’ਚ ਰੇਵੰਨਾ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ ਐੱਚ. ਡੀ. ਰੇਵੰਨਾ ਤੇ ਉਸ ਦੇ ਬੇਟੇ ਪ੍ਰਜਵਲ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ’ਚ ਪੁਲਸ ਨੇ ਆਈ. ਪੀ . ਸੀ. ਦੀਆਂ ਧਾਰਾਵਾਂ 354-ਏ (ਸੈਕਸ ਸ਼ੋਸ਼ਣ), 354-ਡੀ (ਪਿੱਛਾ ਕਰਨਾ), 506 (ਧਮਕਾਉਣਾ) ਅਤੇ 509 (ਬੋਲੀ ਜਾਂ ਇਸ਼ਾਰਿਆਂ ਨਾਲ ਔਰਤ ਦੀ ਇੱਜ਼ਤ ਦਾ ਅਪਮਾਨ) ਅਧੀਨ ਮਾਮਲਾ ਦਰਜ ਕੀਤਾ ਹੈ।

ਕੀ ਹੈ ਸ਼ਿਕਾਇਤ ’ਚ

ਆਪਣੀ ਸ਼ਿਕਾਇਤ ’ਚ ਨੌਕਰਾਣੀ ਨੇ ਦੱਸਿਆ ਕਿ 2019 ’ਚ ਰੇਵੰਨਾ ਦੇ ਬੇਟੇ ਸੂਰਜ ਰੇਵੰਨਾ ਦੇ ਵਿਆਹ ਦੌਰਾਨ ਉਸ ਨੂੰ ਕੰਮ ’ਤੇ ਬੁਲਾਇਆ ਗਿਆ ਸੀ। ਉਦੋਂ ਤੋਂ ਉਹ ਇੱਥੇ ਹੀ ਕੰਮ ਕਰ ਰਹੀ ਸੀ। ਰੇਵੰਨਾ ਉਸ ਨੂੰ ਅਕਸਰ ਆਪਣੇ ਕਮਰੇ ਵਿਚ ਬੁਲਾਉਂਦਾ ਸੀ। ਉੱਥੇ 6 ਹੋਰ ਮਹਿਲਾ ਕਰਮਚਾਰੀ ਵੀ ਕੰਮ ਕਰਦੀਆਂ ਸਨ। ਜਦੋਂ ਪ੍ਰਜਵਲ ਰੇਵਨਾ ਘਰ ਆਉਂਦਾ ਸੀ ਤਾਂ ਸਾਰੀਆਂ ਨੌਕਰਾਣੀਆਂ ਡਰ ਜਾਂਦੀਆਂ ਸਨ। ਘਰ ’ਚ ਕੰਮ ਕਰਨ ਵਾਲੇ ਮਰਦ ਮੁਲਾਜ਼ਮਾਂ ਨੇ ਸਾਨੂੰ ਸਾਵਧਾਨ ਰਹਿਣ ਲਈ ਕਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਰੇਵੰਨਾ ਦੀ ਪਤਨੀ ਘਰ ’ਚ ਨਹੀਂ ਹੁੰਦੀ ਸੀ ਤਾਂ ਉਹ ਮੈਨੂੰ ਸਟੋਰ ਰੂਮ ’ਚ ਬੁਲਾ ਕੇ ਫਲ ਦੇਣ ਦੇ ਬਹਾਨੇ ਏਧਰ-ਓਧਰ ਛੂਹ ਲੈਂਦਾ ਸੀ। ਉਹ ਸਾੜ੍ਹੀ ਦੀਆਂ ਪਿੰਨਾਂ ਲਾਹ ਦਿੰਦਾ ਸੀ ਅਤੇ ਉਸ ਦਾ ਸੈਕਸ ਸ਼ੋਸ਼ਣ ਕਰਦਾ ਸੀ। ਐੱਫ. ਆਈ. ਆਰ. ਅਨੁਸਾਰ ਜਦੋਂ ਨੌਕਰਾਣੀਆਂ ਰਸੋਈ ’ਚ ਕੰਮ ਕਰ ਰਹੀਆਂ ਹੁੰਦੀਆਂ ਸਨ ਤਾਂ ਪ੍ਰਜਵਲ ਉਨ੍ਹਾਂ ਨੂੰ ਪਿੱਛੇ ਤੋਂ ਗਲੇ ਲਾ ਲੈਂਦਾ ਸੀ। ਉਨ੍ਹਾਂ ਦੇ ਪੇਟ ’ਤੇ ਮੁੱਕਾ ਮਾਰਦਾ ਸੀ। ਪੀੜਤ ਨੌਕਰਾਣੀ ਨੇ ਦਾਅਵਾ ਕੀਤਾ ਕਿ ਪ੍ਰਜਵਲ ਉਸ ਦੀ ਬੇਟੀ ਨੂੰ ਵੀ ਵੀਡੀਓ ਕਾਲ ਕਰਦਾ ਸੀ ਅਤੇ ਉਸ ਨਾਲ ‘ਫਲਰਟ’ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਸ ਤੋਂ ਬਾਅਦ ਉਸ ਦੀ ਬੇਟੀ ਨੇ ਪ੍ਰਜਵਲ ਦਾ ਨੰਬਰ ਬਲਾਕ ਕਰ ਦਿੱਤਾ ਸੀ। ਪੀੜਤਾ ਹੋਲੇਨਰਸੀਪੁਰ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਐੱਚ. ਡੀ. ਰੇਵੰਨਾ ਦੀ ਦੁੱਧ ਦੀ ਡੇਅਰੀ ’ਚ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਕਈ ਅਸ਼ਲੀਲ ਵੀਡੀਓ ਹੋ ਰਹੇ ਹਨ ਵਾਇਰਲ

ਪਿਛਲੇ ਕੁਝ ਦਿਨਾਂ ਤੋਂ ਹਾਸਨ ’ਚ ਕਈ ਅਸ਼ਲੀਲ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਪ੍ਰਜਵਲ ਰੇਵੰਨਾ ਕਥਿਤ ਤੌਰ ’ਤੇ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਸੂਬਾਈ ਮਹਿਲਾ ਕਮਿਸ਼ਨ ਨੇ ਐੱਸ. ਆਈ. ਟੀ. ਜਾਂਚ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਪ੍ਰਜਵਲ ਨੇ ਵੀ ਆਪਣੇ ਪੋਲਿੰਗ ਏਜੰਟ ਪੂਰਨ ਚੰਦਰ ਤੇਜਸਵੀ ਰਾਹੀਂ ਆਈ. ਟੀ. ਐਕਟ ਅਧੀਨ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰਜਵਲ ਨੇ ਵਾਇਰਲ ਵੀਡੀਓ ਨਾਲ ਛੇੜਛਾੜ ਕਰਨ ਦਾ ਦਾਅਵਾ ਕੀਤਾ ਹੈ।

ਭਾਜਪਾ ਨੇਤਾ ਦੇਵਰਾਜ ਗੌੜਾ ਦੀ ਚਿੱਠੀ ਵੀ ਹੋ ਰਹੀ ਹੈ ਵਾਇਰਲ

ਭਾਜਪਾ ਆਗੂ ਦੇਵਰਾਜ ਗੌੜਾ ਦੀ ਇਕ ਚਿੱਠੀ ਵੀ ਵਾਇਰਲ ਹੋ ਰਹੀ ਹੈ, ਜੋ ਉਸ ਨੇ ਪਿਛਲੇ ਸਾਲ ਦਸੰਬਰ ’ਚ ਪਾਰਟੀ ਦੇ ਸੂਬਾ ਪ੍ਰਧਾਨ ਬੀ. ਵਾਈ. ਵਿਜੇਂਦਰ ਨੂੰ ਲਿਖੀ ਸੀ। 8 ਦਸੰਬਰ 2023 ਨੂੰ ਲਿਖੀ ਚਿੱਠੀ ’ਚ ਦੇਵਰਾਜ ਗੌੜਾ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਇੱਕ ਪੈਨ-ਡ੍ਰਾਈਵ ਹੈ, ਜਿਸ ’ਚ ਔਰਤਾਂ ਦੇ ਸੈਕਸ ਸ਼ੋਸ਼ਣ ਦੀਆਂ ਤਿੰਨ ਹਜ਼ਾਰ ਵੀਡੀਓਜ਼ ਹਨ। ਦੇਵਰਾਜ ਨੇ ਆਪਣੇ ਚਿੱਠੀ ’ਚ ਕਿਹਾ ਸੀ ਕਿ ਪ੍ਰਜਵਲ ਰੇਵੰਨਾ ਦੇ ਨਾਲ ਹੀ ਐੱਚ. ਡੀ. ਦੇਵੇਗੌੜਾ ਦੇ ਪਰਿਵਾਰ ਦੇ ਕਈ ਨੇਤਾਵਾਂ ’ਤੇ ਵੀ ਗੰਭੀਰ ਦੋਸ਼ ਹਨ। ਉਨ੍ਹਾਂ ਪੈਨ-ਡ੍ਰਾਈਵ ’ਚ ਕੁੱਲ 2,976 ਵੀਡੀਓਜ਼ ਹੋਣ ਦੀ ਗੱਲ ਕਹੀ।। ਇਨ੍ਹਾਂ ਵੀਡੀਓਜ਼ ’ਚ ਕੁਝ ਮਹਿਲਾ ਸਰਕਾਰੀ ਅਧਿਕਾਰੀ ਵੀ ਹਨ। ਇਨ੍ਹਾਂ ਵੀਡੀਓਜ਼ ਦੀ ਵਰਤੋਂ ਔਰਤਾਂ ਨੂੰ ਬਲੈਕਮੇਲ ਕਰ ਕੇ ਸੈਕਸ ਸ਼ੋਸ਼ਨ ਲਈ ਕੀਤੀ ਜਾ ਰਹੀ ਹੈ।

ਪ੍ਰਿਯੰਕਾ ਗਾਂਧੀ ਨੇ ਮੋਦੀ ’ਤੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਦੀ ਸਕੱਤਰ ਪ੍ਰਿੰਯਕਾ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਸੋਮਵਾਰ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਤੇ ਚੁੱਪ ਕਿਉਂ ਹਨ? ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘ਪ੍ਰਧਾਨ ਮੰਤਰੀ ਜਿਸ ਨੇਤਾ ਦੇ ਮੋਢੇ ’ਤੇ ਹੱਥ ਰੱਖ ਕੇ ਫੋਟੋ ਖਿਚਵਾਉਂਦੇ ਹਨ , ਜਿਸ ਨੇਤਾ ਲਈ ਖੁਦ 10 ਦਿਨ ਪ੍ਰਚਾਰ ਕਰਨ ਜਾਂਦੇ ਹਨ, ਉਸ ਨੇਤਾ ਦੀ ਸਟੇਜ ’ਤੇ ਤਾਰੀਫ ਕਰਦੇ ਹਨ, ਅੱਜ ਕਰਨਾਟਕ ਦਾ ਉਹੀ ਨੇਤਾ ਦੇਸ਼ ਤੋਂ ਫਰਾਰ ਹੈ। ਉਸ ਦੇ ਘਿਨਾਉਣੇ ਅਪਰਾਧਾਂ ਬਾਰੇ ਸੁਣ ਕੇ ਹੀ ਦਿਲ ਕੰਬ ਜਾਂਦਾ ਹੈ। ਉਸ ਨੇ ਸੈਂਕੜੇ ਔਰਤਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੋਦੀ ਜੀ, ਕੀ ਤੁਸੀਂ ਅਜੇ ਵੀ ਚੁੱਪ ਰਹੋਗੇ?

ਪਿਤਾ ਰੇਵੰਨਾ ਨੇ ਕਿਹਾ-ਵੀਡੀਓ 4-5 ਸਾਲ ਪੁਰਾਣੇ

ਕਰਨਾਟਕ ਦੇ ਵਿਧਾਇਕ ਅਤੇ ਜਨਤਾ ਦਲ (ਸੈਕੂਲਰ) ਦੇ ਨੇਤਾ ਐੱਚ. ਡੀ. ਰੇਵੰਨਾ ਨੇ ਆਪਣੇ ਬੇਟੇ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਸੈਕਸ ਸਕੈਂਡਲ ਮਾਮਲੇ ’ਚ ਬਿਆਨ ਦਿੱਤਾ ਹੈ। ‘ਇੰਡੀਆ ਟੂਡੇ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਵੀਡੀਓ 4-5 ਸਾਲ ਪੁਰਾਣੇ ਹਨ। ਐਤਵਾਰ ਪ੍ਰਜਵਲ ਤੇ ਪਿਤਾ ਐੱਚ. ਡੀ. ਰੇਵੰਨਾ ਵਿਰੁੱਧ ਸੈਕਸ ਸ਼ੋਸ਼ਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਰੇਵੰਨਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀ ਸਾਜ਼ਿਸ਼ ਰਚੀ ਗਈ ਹੈ। ਮੈਂ ਕੋਈ ਅਜਿਹਾ ਨਹੀਂ ਹਾਂ ਜੋ ਡਰ ਕੇ ਇੱਥੋਂ ਭੱਜ ਜਾਵਾਂ। ‘ਉਨ੍ਹਾਂ’ 4-5 ਸਾਲ ਪੁਰਾਣੀ ਫੁਟੇਜ ਜਾਰੀ ਕੀਤੀ ਹੈ।


author

DIsha

Content Editor

Related News