ਨਹੀਂ ਕਰਨੀ ਪਵੇਗੀ ਜ਼ਿਆਦਾ ਉਡੀਕ, ਜੂਨ ਵਿਚ ਆਏਗੀ ਨਵੀਂ ਸਰਕਾਰ

Tuesday, May 14, 2024 - 02:49 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਮਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਦੇਸ਼ ਦੇ ਸਿਆਸੀ ਖੇਤਰ ਵਿਚ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਜੇਲ ਤੋਂ ਬਾਹਰ ਆਉਂਦੇ ਹੀ ਕਿਹਾ ਸੀ ਕਿ ਭਾਜਪਾ ਦੇ ਨਿਯਮਾਂ ਅਨੁਸਾਰ ਮੋਦੀ 2025 ਵਿਚ 75 ਸਾਲ ਦੇ ਹੋ ਜਾਣਗੇ ਅਤੇ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਇਸ ਤੋਂ ਬਾਅਦ ਉਮਰ ’ਕੇ ਚੱਲੀ ਸਿਆਸਤ ਵਿਚਾਲੇ ਪੀ. ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਰਾਹੁਲ ਦੀ ਉਮਰ ਤੋਂ ਵੀ ਘੱਟ ਸੀਟਾਂ ਮਿਲਣਗੀਆਂ। ਹੁਣ ਇਹ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਪਲਟਵਾਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਿਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਪਾਉਣ ਲਈ ਸਤੰਬਰ ਤੱਕ ਉਡੀਕ ਨਹੀਂ ਕਰਨੀ ਪਵੇਗੀ। ਥਰੂਰ ਨੇ ਕਿਹਾ ਕਿ ਜੂਨ ਵਿਚ ਕੇਂਦਰ ਵਿਚ ਨਵੀਂ ਸਰਕਾਰ ਬਣੇਗੀ।

ਭਾਜਪਾ ਨੂੰ ਪੀ. ਐੱਮ. ਦੀ ਉਮਰ ਨਾਲੋਂ ਜ਼ਿਆਦਾ ਨਹੀਂ ਮਿਲਣਗੀਆਂ ਸੀਟਾਂ

ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਨੂੰ ਪ੍ਰਧਾਨ ਮੰਤਰੀ ਦੀ ਉਮਰ ਨਾਲੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਉਮਰ ਹੋਰ ਕਾਰਨਾਂ ਨਾਲ ਦਿਲਚਸਪ ਹੈ ਜਿਸਨੂੰ ਅਮਿਤ ਸ਼ਾਹ ਬਿਹਤਰ ਦਸ ਸਕਦੇ ਹਨ। ਦਰਅਸਲ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਚੋਣਾਂ ਵਿਚ ਕਾਂਗਰਸ ਨੂੰ 53 ਤੋਂ ਘੱਟ ਸੀਟਾਂ ਮਿਲਣਗੀਆਂ ਅਤੇ ਉਨ੍ਹਾਂ ਨੇ ਆਪਣੇ ਇਸ ਬਿਆਨ ਨੂੰ ਪੱਛਮੀ ਬੰਗਾਲ ਵਿਚ ਵੀ ਦੁਹਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸ਼ਹਿਜਾਦੇ ਦੀ ਉਮਰ ਵਧਣ ਕਾਰਨ ਕਾਂਗਰਸ ਨੂੰ ਘੱਟ ਸੀਟਾਂ ਮਿਲਣਗੀਆਂ। ਇਸ ’ਤੇ ਸ਼ਸ਼ੀ ਥਰੂਰ ਨੇ ਕਿਹਾ ਕਿ ਪੀ. ਐੱਮ. ਪਿਛਲੇ ਕੁਝ ਹਫ਼ਤਿਆਂ ਤੋਂ ਜੋ ਬਹੁਤ ਬੁਰਾ ਲੱਗ ਰਿਹਾ ਹੈ। ਉਹ ਇਕ ਭਾਈਚਾਰੇ ਦੇ ਖਿਲਾਫ ਬੋਲ ਰਹੇ ਹਨ। ਪ੍ਰਧਾਨ ਮੰਤਰੀ ਦਾ ਬਿਆਨ ਸ਼ਰਮਨਾਕ ਹੈ। ਉਨ੍ਹਾਂ ਨੂੰ ਆਪਣੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਖੁੱਲ੍ਹੀ ਬਹਿਸ ਲਈ ਤਿਆਰ ਹਨ ਰਾਹੁਲ

ਖੁੱਲ੍ਹੀ ਬਹਿਤ ਵਾਲੀ ਚਿੱਠੀ ’ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਰਿਟਾਇਰਡ ਜੱਜਾਂ ਅਤੇ ਪੱਤਰਕਾਰਾਂ ਨੇ ਚਿੱਠੀ ਲਿਖ ਕੇ ਹਾਂ-ਪੱਖੀ ਚਰਚਾ ਦੀ ਗੱਲ ਕਹੀ ਹੈ। ਇਸ ਚੁਣੌਤੀ ਨੂੰ ਰਾਹੁਲ ਗਾਂਧੀ ਨੇ ਤੁਰੰਤ ਸਵੀਕਾਰ ਕਰ ਲਿਆ, ਪਰ ਪੀ. ਐੱਮ. ਮੋਦੀ ਨੇ ਦਸ ਸਾਲ ਹੋ ਗਏ ਇਕ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਿਕ ਪੀ. ਐੱਮ. ਮੋਦੀ ਸਕ੍ਰਿਪਟ ਲੈ ਕੇ ਇੰਟਰਵਿਊ ਦਿੰਦੇ ਹਨ। ਅਸੀਂ ਤਾਂ ਤਿਆਰ ਹਾਂ, ਪੀ. ਐੱਮ. ਨੂੰ ਆਉਣ ਦਿਓ। ਅਸੀਂ ਅਸਲੀ ਵਿਸ਼ੇ ’ਤੇ ਗੱਲ ਕਰਾਂਗੇ।

ਇੰਝ ਭੱਖਿਆ ਮਾਮਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਨ੍ਹਾਂ ਚੋਣਾਂ ਵਿਚ ਪੀ. ਐੱਮ. ਮੋਦੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੋਟ ਮੰਗ ਰਹੇ ਹਨ। ਕਿਉਂਕਿ ਪੀ. ਐੱਮ. ਮੋਦੀ ਨੇ ਖੁਦ ਇਹ ਨਿਯਮ ਬਣਾਇਆ ਹੈ ਕਿ 75 ਸਾਲ ਬਾਅਦ ਭਾਜਪਾ ਨੇਤਾਵਾਂ ਨੂੰ ਸਿਆਸੀ ਸੰਨਿਆਸ ਲੈਣਾ ਪਵੇਗਾ। ਇਹ ਮਾਮਲਾ ਉਦੋਂ ਸਿਆਸੀ ਵਿਵਾਦ ਵਿਚ ਬਦਲ ਗਿਆ ਜਦੋਂ ਆਮ ਆਦਮੀ ਪਾਰਟੀ ਨੇ ਅਮਿਤ ਸ਼ਾਹ ਦਾ ਇਕ ਪੁਰਾਣਾ ਵੀਡੀਓ ਸਾਂਝਾ ਕੀਤਾ।


Rakesh

Content Editor

Related News