ਪੂਜਾ ਹੇਗੜੇ ਨੇ ਇੰਡੀਗੋ ਏਅਰਲਾਈਨਜ਼ ’ਤੇ ਲਾਏ ਗੰਭੀਰ ਦੋਸ਼, ਕੀਤਾ ਮਾੜਾ ਵਤੀਰਾ ਤੇ ਦਿੱਤੀ ਧਮਕੀ
Friday, Jun 10, 2022 - 12:47 PM (IST)

ਮੁੰਬਈ (ਬਿਊਰੋ)– ਅਦਾਕਾਰਾ ਪੂਜਾ ਹੇਗੜੇ ਨੇ ਅੱਜ ਦੇਸ਼ ਦੀ ਮੁੱਖ ਏਅਰਲਾਈਨਜ਼ ਖ਼ਿਲਾਫ਼ ਮਾੜੇ ਵਤੀਰੇ ਦੀ ਸ਼ਿਕਾਇਤ ਕੀਤੀ ਹੈ ਤੇ ਆਪਣਾ ਗੁੱਸਾ ਵੀ ਕੱਢਿਆ ਹੈ। ਹਾਲ ਹੀ ’ਚ ਅਦਾਕਾਰਾ ਨਾਲ ਇੰਡੀਗੋ ਏਅਰਲਾਈਨਜ਼ ’ਚ ਉਡਾਨ ਭਰਨ ਸਮੇਂ ਬਦਸਲੂਕੀ ਹੋਈ, ਜਿਸ ਦਾ ਖ਼ੁਲਾਸਾ ਉਨ੍ਹਾਂ ਨੇ ਟਵੀਟ ਕਰਕੇ ਕੀਤਾ ਹੈ।
ਪੂਜਾ ਹੇਗੜੇ ਨੇ ਲਿਖਿਆ, ‘‘ਇੰਡੀਗੋ ਏਅਰਲਾਈਨਜ਼ ਦੇ ਸਟਾਫ ਮੈਂਬਰ ਵਿਪੁਲ ਨਕਾਸ਼ੇ ਨੇ ਸਾਡੇ ਨਾਲ ਮੁੰਬਈ ਤੋਂ ਉਡਾਨ ਭਰਦੇ ਸਮੇਂ ਕਾਫੀ ਗਲਤ ਵਿਵਹਾਰ ਕੀਤਾ। ਬੇਹੱਦ ਬੇਰੁਖੀ, ਅਗਿਆਨੀ ਤੇ ਹੰਕਾਰੀ ਲਹਿਜ਼ੇ ’ਚ ਗੱਲ ਕੀਤੀ। ਉਸ ਨੇ ਧਮਕੀ ਦਿੱਤੀ, ਜੋ ਕਾਫੀ ਦੁੱਖ ਦੀ ਗੱਲ ਹੈ। ਆਮ ਤੌਰ ’ਤੇ ਮੈਂ ਇਸ ਤਰ੍ਹਾਂ ਦੀਆਂ ਗੱਲਾਂ ’ਤੇ ਟਵੀਟ ਨਹੀਂ ਕਰਦੀ ਪਰ ਇਹ ਅਸਲ ’ਚ ਡਰਾਵਨਾ ਸੀ।’’
ਇਹ ਖ਼ਬਰ ਵੀ ਪੜ੍ਹੋ : ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪੂਜਾ ਹੇਗੜੇ ਨੇ ਆਪਣੇ ਟਵੀਟ ’ਚ ਇੰਡੀਗੋ ਏਅਰਲਾਈਨਜ਼ ਨੂੰ ਟੈਗ ਕੀਤਾ ਹੈ ਤੇ ਕੰਪਨੀ ਦੇ ਸਟਾਫ ਦੇ ਦੁਰਵਿਵਹਾਰ ਬਾਰੇ ਦੱਸਿਆ ਹੈ। ਇਸ ਟਵੀਟ ਨੂੰ ਬਹੁਤ ਸਾਰੇ ਲੋਕਾਂ ਵਲੋਂ ਰੀ-ਟਵੀਟ ਕੀਤਾ ਗਿਆ ਹੈ ਤੇ ਇਸ ਨੂੰ ਲਾਈਕਸ ਵੀ ਕਾਫੀ ਮਿਲ ਰਹੇ ਹਨ।
ਹਾਲਾਂਕਿ ਪੂਜੇ ਹੇਗੜੇ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਇੰਡੀਗੋ ਏਅਰਲਾਈਨਜ਼ ਨੇ ਵੀ ਆਪਣਾ ਜਵਾਬ ਟਵੀਟ ਦੇ ਰਿਪਲਾਈ ਦੇ ਰੂਪ ’ਚ ਦਿੱਤਾ ਹੈ ਤੇ ਕਿਹਾ ਕਿ ਉਹ ਆਪਣਾ ਪੀ. ਐੱਨ. ਆਰ. ਤੇ ਨੰਬਰ ਡੀ. ਐੱਮ. ਕਰੇ। ਹਾਲਾਂਕਿ ਇਸ ਟਵੀਟ ’ਤੇ ਅਜੇ ਤਕ ਪੂਜਾ ਹੇਗੜੇ ਨੇ ਕੋਈ ਰਿਪਲਾਈ ਨਹੀਂ ਕੀਤਾ ਹੈ।
ਪੂਜਾ ਹੇਗੜੇ ਦੇ ਇਸ ਟਵੀਟ ’ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਏਅਰਲਾਈਨਜ਼ ’ਤੇ ਗੁੱਸਾ ਕੱਢ ਰਹੇ ਹਨ ਤਾਂ ਕੁਝ ਲੋਕ ਪੂਜਾ ਹੇਗੜੇ ਨੂੰ ਹੀ ਸਲਾਹ ਦੇ ਰਹੇ ਹਨ। ਪੂਜਾ ਹੇਗੜੇ ਦੇ ਇਸ ਟਵੀਟ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਤੇ ਅਦਾਕਾਰਾ ਦੀ ਹੱਡਬੀਤੀ ਸੁਣ ਕੇ ਲੋਕ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।