ਹਾਸਾ ਹੀ ਸਾਡੇ ਦਿਨ ਨੂੰ ਹਲਕਾ ਅਤੇ ਖ਼ੁਸ਼ ਕਰ ਸਕਦੈ, ਇਹੀ ਕਾਰਨ ਹੈ ਕਿ ਰਾਹੂ-ਕੇਤੂ ਵਰਗੀਆਂ ਫ਼ਿਲਮਾਂ ਜ਼ਰੂਰੀ ਹਨ : ਵਰੁ
Sunday, Jan 18, 2026 - 12:48 PM (IST)
ਮੁੰਬਈ - ਫਿਲਮ ‘ਰਾਹੂ-ਕੇਤੂ’ 16 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਕਾਮੇਡੀ, ਫੈਂਟੇਸੀ ਅਤੇ ਪਰਿਵਾਰਕ ਮਨੋਰੰਜਨ ਦਾ ਵਿਲੱਖਣ ਮਿਸ਼ਰਣ ਹੈ। ਫਿਲਮ ’ਚ ਵਰੁਣ ਸ਼ਰਮਾ ਅਤੇ ਪੁਲਕਿਤ ਸਮਰਾਟ ਦੀ ਜੋੜੀ ਇਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਇਸ ਮੌਕੇ ਫਿਲਮ ਦੀ ਕਾਸਟ ਵਰੁਣ ਸ਼ਰਮਾ, ਪੁਲਕਿਤ ਸਮਰਾਟ ਅਤੇ ਫਿਲਮ ਦੇ ਨਿਰਮਾਤਾ ਸੂਰਜ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਜੋ ਵੀ ਕਰੋ, ਤੁਹਾਨੂੰ ਉਸ ’ਚ ਮਜ਼ਾ ਆਉਣੈ ਚਾਹੀਦਾ : ਵਰੁਣ ਸ਼ਰਮਾ
ਪ੍ਰ. ਕਿਹਾ ਜਾਂਦਾ ਹੈ ‘ਲਾਫਟਰ ਇਜ਼ ਦਿ ਚੀਪੈਸਟ ਐਂਡ ਈਜ਼ੀਐਸਟ ਥੈਰੇਪੀ’ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ?
-ਬਿਲਕੁਲ ਸਹੀ ਗੱਲ ਹੈ। ਅੱਜ ਦੀ ਜ਼ਿੰਦਗੀ ’ਚ ਇੰਨਾ ਜ਼ਿਆਦਾ ਤਣਾਅ ਹੈ ਕਿ ਇਨਸਾਨ ਕਿਤੇ ਨਾ ਕਿਤੇ ਹੱਸਣ ਦਾ ਬਹਾਨਾ ਲੱਭਦਾ ਹੈ। ਬਚਪਨ ਤੋਂ ਹੀ ਸਾਨੂੰ ਸਿਖਾਇਆ ਗਿਆ ਕਿ ਖ਼ੁਸ਼ੀਆਂ ਵੰਡੋ, ਲੋਕਾਂ ਨੂੰ ਹਸਾਓ। ਸਮੇਂ ਦੇ ਨਾਲ ਇਹ ਸਭ ਘੱਟ ਹੋ ਗਿਆ। ਜੇ ਕੋਈ ਚੀਜ਼ ਸਾਡੇ ਦਿਨ ਨੂੰ ਹਲਕਾ ਅਤੇ ਖ਼ੁਸ਼ ਕਰ ਸਕਦੀ ਹੈ ਤਾਂ ਉਹ ਹੈ ਹਾਸਾ। ਇਸੇ ਲਈ ‘ਰਾਹੂ ਕੇਤੂ’ ਵਰਗੀਆਂ ਫਿਲਮਾਂ ਜ਼ਰੂਰੀ ਹੋ ਜਾਂਦੀਆਂ ਹਨ।
ਪ੍ਰ. ‘ਫੁਕਰੇ’ ਤੋਂ ਬਾਅਦ ਤੁਹਾਡੀ ਦੋਵਾਂ ਦੀ ਜੋੜੀ ਦਰਸ਼ਕਾਂ ਲਈ ਭਰੋਸੇਮੰਦ ਬਣ ਗਈ ਹੈ। ਕੀ ਇਸ ਕਾਰਨ ਕੋਈ ਦਬਾਅ ਮਹਿਸੂਸ ਹੁੰਦਾ ਹੈ?
ਅਜਿਹਾ ਨਹੀਂ ਹੈ। ਦਬਾਅ ਜ਼ਰੂਰ ਹੁੰਦਾ ਹੈ ਪਰ ਇਹ ਇਕ ਖ਼ੁਸ਼ਹਾਲ ਦਬਾਅ ਹੈ। ਲੋਕ ਸਾਡੇ ’ਤੇ ਭਰੋਸਾ ਕਰਦੇ ਹਨ ਕਿ ਜੇ ਵਰੁਣ ਤੇ ਪੁਲਕਿਤ ਇਕੱਠੇ ਆ ਰਹੇ ਹਨ ਤਾਂ ਇਹ ਮਜ਼ੇਦਾਰ ਹੋਵੇਗਾ। ਸਾਡੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਜੇ ਲੋਕ ਸਾਡੇ ’ਤੇ ਭਰੋਸਾ ਕਰਦੇ ਹਨ ਤਾਂ ਅਸੀਂ ਉਸ ਭਰੋਸੇ ’ਤੇ ਖਰਾ ਉੱਤਰੀਏ ਤੇ ਉਮੀਦ ਨਾਲੋਂ ਵੱਧ ਕਰੀਏ। ਫਿਲਮ ’ਚ ਤੁਹਾਨੂੰ ਮਜ਼ਾ ਆਵੇਗਾ ਅਤੇ ਇਸ ਨੂੰ ਦੇਖਣ ਤੋਂ ਬਾਅਦ ਹਲਕਾ ਮਹਿਸੂਸ ਕਰੋਗੇ। ਜਿਵੇਂ ਲੋਕਾਂ ਨੇ ‘ਫੁਕਰੇ’ ਦਾ ਆਨੰਦ ਮਾਣਿਆ ਸੀ, ਤੁਸੀਂ ‘ਰਾਹੂ ਕੇਤੂ’ ਦਾ ਆਨੰਦ ਇਕ ਵੱਖਰੇ ਤਰੀਕੇ ਨਾਲ, ਇਕ ਵੱਖਰੀ ਦੁਨੀਆ ’ਚ ਵੱਖ-ਵੱਖ ਕਿਰਦਾਰਾਂ ’ਚ ਮਾਣੋਗੇ।
ਪ੍ਰ. ਕਾਮੇਡੀ ਇਕ ਮੁਸ਼ਕਲ ਜਾਨਰ ਹੈ। ਤੁਸੀਂ ਇਸ ਨੂੰ ਬਹੁਤ ਕੁਦਰਤੀ ਤੌਰ ’ਤੇ ਕਰਦੇ ਹੋ ਤਾਂ ਕੀ ਇਸ ਨੂੰ ਗੌਡ ਗਿਫਟ ਮੰਨੀਏ?
ਸੱਚ ਕਹਾਂ ਤਾਂ ਮੈਨੂੰ ਖ਼ੁਦ ਨਹੀਂ ਪਤਾ ਕਿ ਮੈਂ ਇਹ ਕਿਵੇਂ ਕਰਦਾ ਹਾਂ। ਸੈੱਟ ’ਤੇ ਜਾ ਕੇ ਸਭ ਕੁਝ ਆਪਣੇ-ਆਪ ਹੋ ਜਾਂਦਾ ਹੈ। ਮੈਂ ਆਪਣੇ ਨਿਰਦੇਸ਼ਕ ਦੇ ਵਿਜ਼ਨ ਅੱਗੇ ਸਮਰਪਣ ਕਰ ਦਿੰਦਾ ਹਾਂ। ਮੇਰਾ ਮਕਸਦ ਸਿਰਫ਼ ਇਹ ਹੁੰਦਾ ਹੈ ਕਿ ਉਹ ਜੋ ਉਨ੍ਹਾਂ ਨੇ ਸੋਚਿਆ ਹੈ, ਮੈਂ ਉਸ ਨੂੰ ਈਮਾਨਦਾਰੀ ਨਾਲ ਪਰਦੇ ’ਤੇ ਉਤਾਰ ਸਕਾਂ। ਮੇਰਾ ਮੰਨਣਾ ਹੈ ਕਿ ਤੁਸੀਂ ਜੋ ਵੀ ਕੰਮ ਕਰੋ, ਉਸ ’ਚ ਤੁਹਾਨੂੰ ਆਨੰਦ ਆਉਣਾ ਚਾਹੀਦਾ ਹੈ। ਮੇਰਾ ਮਕਸਦ ਹੁੰਦਾ ਹੈ ਕਿ ਨਿਰਦੇਸ਼ਕ ਜਿਹੋ ਜਿਹਾ ਕੰਮ ਮੇਰੇ ਤੋਂ ਚਾਹੁੰਦੇ ਹਨ, ਮੈਂ ਉਸ ਤਰ੍ਹਾਂ ਦਾ ਕੰਮ ਦੇਣ ’ਚ ਸਫ਼ਲ ਹੋਵਾਂ।
ਪ੍ਰ. ਜੇ ਅਸਲ ’ਚ ਰਾਹੂ-ਕੇਤੂ ਹੁੰਦੇ ਤਾਂ 2026 ਲਈ ਤੁਹਾਡੀ ਭਵਿੱਖਬਾਣੀ ਕੀ ਹੁੰਦੀ?
ਜੇ ਅਜਿਹਾ ਹੁੰਦਾ ਤਾਂ 2026 ਸਾਰਿਆਂ ਲਈ ਵਧੀਆ ਸਾਲ ਹੋਵੇਗਾ ਖ਼ਾਸ ਕਰਕੇ ਫਿਲਮ ਇੰਡਸਟਰੀ ਲਈ। ਬਹੁਤ ਸਾਰੀਆਂ ਚੰਗੀਆਂ ਫਿਲਮਾਂ ਆਉਣ ਵਾਲੀਆਂ ਹਨ ਤੇ ਇਸ ਦੀ ਸ਼ੁਰੂਆਤ 16 ਜਨਵਰੀ ਤੋਂ ਹੋ ਰਹੀ ਹੈ।

ਫਿਲਮ ਇੰਡਸਟਰੀ ’ਚ ਰਹਿਣ ਲਈ ਜਨੂੰਨ ਤੇ ਮਿਹਨਤ ਬਹੁਤ ਜ਼ਰੂਰੀ ਹੈ : ਪੁਲਕਿਤ ਸਮਰਾਟ
ਪ੍ਰ. ਕੀ ਰਾਹੂ ਕੇਤੂ ਨੂੰ ਇਕ ਫੈਮਿਲੀ ਐਂਟਰਟੇਨਰ ਕਿਹਾ ਜਾ ਸਕਦਾ ਹੈ?
-ਬਿਲਕੁਲ, ਬੱਚਿਆਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ। ਜਦੋਂ ਸਾਨੂੰ ਫਿਲਮ ਦੀ ਕਹਾਣੀ ਸੁਣਾਈ ਗਈ ਸੀ ਤਾਂ ਮੇਰੇ ਅੰਦਰ ਦਾ ਬੱਚਾ ਇਸ ਫਿਲਮ ਨੂੰ ਸੁਣਦਿਆਂ ਹੀ ਖ਼ੁਸ਼ ਹੋ ਗਿਆ ਸੀ। ਮੈਂ ਬਚਪਨ ’ਚ ‘ਅਜੂਬਾ’ ਅਤੇ ‘ਤਕਦੀਰਵਾਲਾ’ ਵਰਗੀਆਂ ਫਿਲਮਾਂ ਦੇਖ ਕੇ ਵੱਡਾ ਹੋਇਆ ਹਾਂ। ਇਹ ਫਿਲਮ ਵੀ ਉਸੇ ਤਰ੍ਹਾਂ ਦੀ ਮੈਜੀਕਲ ਦੁਨੀਆ ਦਿਖਾਉਂਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਕੋਈ ਇਸ ਦਾ ਆਨੰਦ ਲਵੇਗਾ। ਜਦੋਂ ਤੁਸੀਂ ਅਜਿਹੀਆਂ ਫਿਲਮਾਂ ਦੇਖਦੇ ਹੋ ਤਾਂ ਤੁਹਾਨੂੰ ਉਹ ਦਿਨ ਯਾਦ ਆ ਜਾਂਦੇ ਹਨ।
ਪ੍ਰ. ਇੰਡਸਟਰੀ ’ਚ ਤੁਹਾਨੂੰ ਲੱਗਭਗ 20 ਸਾਲਾਂ ਹੋ ਗਏ ਹਨ। ਇੰਨੀ ਤਾਜ਼ਗੀ ਤੇ ਪਾ਼ਜ਼ੇਟਿਵਿਟੀ ਦਾ ਰਾਜ਼ ਕੀ ਹੈ?
-ਮੈਨੂੰ ਤਾਂ ਗੂਜ ਬੰਪ ਆ ਗਏ ਇਹ ਸੁਣ ਕੇ ਕਿ ਮੈਨੂੰ 20 ਸਾਲ ਹੋ ਗਏ। ਸੱਚ ਕਹਾਂ ਤਾਂ ਸਖ਼ਤ ਮਿਹਨਤ ਅਤੇ ਜਨੂੰਨ ਬਹੁਤ ਜ਼ਰੂਰੀ ਹੁੰਦਾ ਹੈ। ਅੱਜਕੱਲ੍ਹ ਇੰਨੇ ਟੈਲੈਂਟਿਡ ਨਿਊਕਮਰਜ਼ ਆ ਰਹੇ ਹਨ ਕਿ ਉਹ ਖੁਦ ਨੂੰ ਹਰ ਰੋਜ਼ ਤਿਆਰ ਕਰਦੇ ਹਨ। ਉਹ ਹਰ ਰੋਜ਼ ਨਵਾਂ ਸਿੱਖਦੇ ਹਨ। ਇਸ ਲਈ ਹਰ ਰੋਜ਼ ਆਪਣੇ-ਆਪ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ। ਆਪਣੇ-ਆਪ ਨੂੰ ਰੀ ਇਨਵੈਂਟ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਭੀੜ ’ਚ ਗੁਆਚ ਜਾਂਦੇ ਹੋ। ਜਨੂੰਨ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਵਾਰ ਅਸੀਂ ਮੋਟੀਵੇਟਿਡ ਫੀਲ ਨਹੀਂ ਕਰਦੇ ਤਾਂ ਸਾਡਾ ਜਨੂੰਨ ਹੀ ਸੈੱਟ ਤੱਕ ਲੈ ਜਾਂਦਾ ਹੈ। ਮੇਰੇ ਕਰੀਅਰ ’ਚ ਇਕ ਸਮਾਂ ਅਜਿਹਾ ਸੀ, ਜਦੋਂ ਮੇਰੇ ਕੋਲ ਕੰਮ ਘੱਟ ਸੀ, ਇਸ ਲਈ ਮੈਂ ਸਿੱਖਿਆ ਕਿ ਜਨੂੰਨ ਕਿੰਨਾ ਜ਼ਰੂਰੀ ਹੈ, ਜੋ ਤੁਹਾਨੂੰ ਮੋਟੀਵੇਟ ਰੱਖਦਾ ਹੈ। ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ, ਇਸ ਲਈ ਤੁਹਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਪ੍ਰ. ਕਾਮੇਡੀ ’ਚ ਜੋੜੀਆਂ ਜ਼ਿਆਦਾ ਹਿੱਟ ਕਿਉਂ ਹੁੰਦੀਆਂ ਹਨ? ਤੁਹਾਡੀ ਦੋਵਾਂ ਦੀ ਜੋੜੀ ਆਈਕੋਨਿਕ ਜੋੜੀ ਬਣ ਗਈ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
-ਕਿਉਂਕਿ ਚਾਰਲੀ ਚੈਪਲਿਨ ਵਰਗਾ ਕੋਈ ਹੋਰ ਪੈਦਾ ਨਹੀਂ ਹੋਇਆ, ਅੱਜ ਤੱਕ ਇਸ ਲਈ ਹੋਰ ਕੋਈ ਇਕੱਲੇ ਕਾਮੇਡੀ ਨਹੀਂ ਕਰ ਸਕਦਾ। ਕਾਮੇਡੀ ਗਿਵ ਐਂਡ ਟੇਕ ਨਾਲ ਹੋਰ ਮਜ਼ੇਦਾਰ ਬਣਦੀ ਹੈ। ਇਕੱਲਿਆਂ ਕਾਮੇਡੀ ਕਰਨਾ ਬਹੁਤ ਮੁਸ਼ਕਲ ਹੈ। ਚਾਰਲੀ ਚੈਪਲਿਨ ਵਰਗੇ ਲੋਕ ਅਪਵਾਦ ਹਨ। ਜੋੜਿਆਂ ’ਚ ਕੈਮਿਸਟਰੀ ਹੁੰਦੀ ਹੈ, ਜੋ ਦਰਸ਼ਕਾਂ ਦਾ ਵਧੇਰੇ ਮਨੋਰੰਜਨ ਕਰਦੀ ਹੈ।
ਇਹ ਲੇਖਕ ਤੇ ਨਿਰਦੇਸ਼ਕ ਦੇ ਬ੍ਰੇਨ ਚਾਈਲਡ ਦੀ ਦੇਣ : ਸੂਰਜ ਸਿੰਘ (ਨਿਰਮਾਤਾ)
ਪ੍ਰ. ਫਿਲਮ ’ਚ ਮਾਈਥੋਲੋਜੀ ਅਤੇ ਐਸਟਰੋਲੋਜੀ ਦਾ ਦਿਲਚਸਪ ਮਿਸ਼ਰਣ ਹੈ। ਇਸ ਦਾ ਵਿਚਾਰ ਕਿਵੇਂ ਆਇਆ?
- ਇਸ ਦਾ ਸਾਰਾ ਕ੍ਰੈਡਿਟ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵਿਪੁਲ ਨੂੰ ਜਾਂਦਾ ਹੈ। ਇਹ ਉਨ੍ਹਾਂ ਦਾ ਬ੍ਰੇਨ ਚਾਈਲਡ ਹੈ। ਅਸੀਂ ਬਸ ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਵਧਾਇਆ ਤੇ ਸਾਨੂੰ ਉਹ ਬੱਚਾ ਚੰਗਾ ਲੱਗਾ ਤਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਪਰਵਰਿਸ਼ ਦਿੱਤੀ। ਉਨ੍ਹਾਂ ਨੂੰ ਲੱਗਾ ਕਿ ਇਹ ਹੁਣ ਸੁਰੱਖਿਅਤ ਹੱਥਾਂ ’ਚ ਹੈ।
