ਹੋਲੀ ਦੇ ਦਿਨ ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
Wednesday, Mar 04, 2026 - 03:10 PM (IST)
ਮੁੰਬਈ- ਮਨੋਰੰਜਨ ਜਗਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਤੇ ਫ਼ਿਲਮ ਅਦਾਕਾਰ ਕਰਨਵੀਰ ਬੋਹਰਾ ਦੇ ਪਿਤਾ ਅਤੇ ਦਿੱਗਜ ਫ਼ਿਲਮ ਨਿਰਮਾਤਾ ਮਹਿੰਦਰ ਬੋਹਰਾ ਦਾ ਦਿਹਾਂਤ ਹੋ ਗਿਆ ਹੈ। ਕਰਨਵੀਰ ਬੋਹਰਾ ਨੇ ਹੋਲੀ ਮੌਕੇ ਯਾਨੀ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਪਿਤਾ ਦੀਆਂ ਯਾਦਾਂ ਨੂੰ ਕੀਤਾ ਸਾਂਝਾ
ਕਰਨਵੀਰ ਨੇ ਆਪਣੇ ਪਿਤਾ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਮਹਿੰਦਰ ਬੋਹਰਾ ਦੇ ਇੰਡਸਟਰੀ ਦੇ ਸ਼ੁਰੂਆਤੀ ਦਿਨਾਂ ਦੀਆਂ ਝਲਕੀਆਂ ਅਤੇ ਪਰਿਵਾਰਕ ਪਲਾਂ ਨੂੰ ਦਿਖਾਇਆ ਗਿਆ ਹੈ। ਅਦਾਕਾਰ ਨੇ ਲਿਖਿਆ ਕਿ ਉਹ ਆਪਣੇ ਪਿਤਾ ਨੂੰ ਜ਼ਿੰਦਗੀ ਦੇ ਹਰ ਦਿਨ ਯਾਦ ਕਰਨਗੇ ਅਤੇ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਬਣਾਉਣ ਲਈ ਉਹ ਆਪਣੇ ਪਿਤਾ ਦੇ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ।
ਆਪਣੀਆਂ ਸ਼ਰਤਾਂ 'ਤੇ ਬਿਤਾਈ ਜ਼ਿੰਦਗੀ
ਆਪਣੇ ਪਿਤਾ ਨੂੰ ਅਲਵਿਦਾ ਕਹਿੰਦਿਆਂ ਕਰਨਵੀਰ ਨੇ ਲਿਖਿਆ, "ਮੈਨੂੰ ਇਸ ਦੁੱਖ ਵਿੱਚ ਵੀ ਸਕੂਨ ਹੈ ਕਿ ਤੁਸੀਂ ਇਕ ਭਰਪੂਰ ਅਤੇ ਖੂਬਸੂਰਤ ਜ਼ਿੰਦਗੀ ਬਿਤਾਈ। ਤੁਸੀਂ ਉਸੇ ਤਰ੍ਹਾਂ ਸਾਨੂੰ ਛੱਡ ਕੇ ਗਏ ਹੋ ਜਿਵੇਂ ਤੁਸੀਂ ਹਮੇਸ਼ਾ ਚਾਹੁੰਦੇ ਸੀ... ਬਿਨਾਂ ਕਿਸੇ ਤਕਲੀਫ਼ ਦੇ ਅਤੇ ਸ਼ਾਂਤੀ ਨਾਲ।'' ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਉਹ ਆਪਣੀ ਮੌਤ ਤੱਕ ਸਰਗਰਮ ਰਹਿਣਾ ਚਾਹੁੰਦੇ ਹਨ ਅਤੇ ਉਹ ਬਿਲਕੁਲ ਉਸੇ ਤਰ੍ਹਾਂ ਮਜ਼ਬੂਤ ਅਤੇ ਮਾਣ ਨਾਲ ਗਏ ਹਨ।
ਪਿਤਾ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਕੀਤਾ ਯਾਦ
ਕਰਨਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਅਹਿਮ ਗੱਲਾਂ ਸਿਖਾਈਆਂ—ਕਿਵੇਂ ਮੁਸ਼ਕਿਲ ਸਮੇਂ 'ਚ ਵੀ ਉਮੀਦ ਬਣਾਈ ਰੱਖਣੀ ਹੈ, ਕਿਵੇਂ ਹਾਰ ਕੇ ਮੁੜ ਖੜ੍ਹੇ ਹੋਣਾ ਹੈ ਅਤੇ ਕਿਵੇਂ ਜੋਸ਼ ਤੇ ਸਕਾਰਾਤਮਕਤਾ ਨਾਲ ਜਿਊਣਾ ਹੈ। ਉਨ੍ਹਾਂ ਲਿਖਿਆ, "ਤੁਸੀਂ ਮੈਨੂੰ ਸੁਪਨੇ ਦੇਖਣੇ ਸਿਖਾਏ। ਤੁਸੀਂ ਮੈਨੂੰ ਸਿਖਾਇਆ ਕਿ ਲੋਕਾਂ ਨਾਲ ਨਿਮਰਤਾ ਅਤੇ ਸਤਿਕਾਰ ਨਾਲ ਕਿਵੇਂ ਪੇਸ਼ ਆਉਣਾ ਹੈ।''
ਫ਼ਿਲਮ ਇੰਡਸਟਰੀ 'ਚ ਵੱਡਾ ਯੋਗਦਾਨ
ਦੱਸਣਯੋਗ ਹੈ ਕਿ ਮਹਿੰਦਰ ਬੋਹਰਾ ਹਿੰਦੀ ਫ਼ਿਲਮ ਇੰਡਸਟਰੀ ਦੇ ਇਕ ਜਾਣੇ-ਪਛਾਣੇ ਨਿਰਮਾਤਾ ਸਨ। ਉਨ੍ਹਾਂ ਨੇ 'ਤੇਜਾ', 'ਲਸ਼ਕਰ' ਅਤੇ 'ਪਿਆਰ ਕਾ ਕਰਜ਼' ਵਰਗੀਆਂ ਕਈ ਮਸ਼ਹੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਇੰਡਸਟਰੀ 'ਚ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਸਨ ਅਤੇ ਹਰ ਕੋਈ ਉਨ੍ਹਾਂ ਨੂੰ ਇਕ ਨੇਕ ਇਨਸਾਨ ਵਜੋਂ ਯਾਦ ਕਰ ਰਿਹਾ ਹੈ। ਇੰਡਸਟਰੀ ਦੇ ਕਈ ਸਿਤਾਰਿਆਂ ਨੇ ਮਹਿੰਦਰ ਬੋਹਰਾ ਦੇ ਦਿਹਾਂਤ 'ਤੇ ਅਫਸੋਸ ਪ੍ਰਗਟਾਇਆ ਹੈ ਅਤੇ ਕਰਨਵੀਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਅੰਤ 'ਚ ਕਰਨਵੀਰ ਨੇ ਆਪਣੇ ਪਿਤਾ ਨੂੰ ਭਰੋਸਾ ਦਿਵਾਉਂਦਿਆਂ ਲਿਖਿਆ,"ਪਾਪਾ... ਮੇਰੀ ਜਾਨ, ਮੇਰਾ ਦਿਲ ਤੁਝ ਪੇ ਕੁਰਬਾਨ। ਤੁਸੀਂ ਅਗਲੀ ਯਾਤਰਾ 'ਤੇ ਜਾਓ, ਮੈਂ ਇੱਥੇ ਸਭ ਕੁਝ ਸੰਭਾਲ ਲਵਾਂਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

