‘ਮਹਾਭਾਰਤ’ ਸੀਰੀਅਲ ਦੇ ‘ਕ੍ਰਿਸ਼ਨ’ ਨਿਤੀਸ਼ ਦੀ ਜਾਇਦਾਦ ਵੇਚਣਾ ਚਾਹੁੰਦੀ ਹੈ ਸਾਬਕਾ ਪਤਨੀ, ਅਦਾਲਤ ਤੋਂ ਮੰਗੀ ਮਦਦ

Saturday, Feb 24, 2024 - 01:03 PM (IST)

‘ਮਹਾਭਾਰਤ’ ਸੀਰੀਅਲ ਦੇ ‘ਕ੍ਰਿਸ਼ਨ’ ਨਿਤੀਸ਼ ਦੀ ਜਾਇਦਾਦ ਵੇਚਣਾ ਚਾਹੁੰਦੀ ਹੈ ਸਾਬਕਾ ਪਤਨੀ, ਅਦਾਲਤ ਤੋਂ ਮੰਗੀ ਮਦਦ

ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਸੀਰੀਅਲ ‘ਮਹਾਭਾਰਤ’ ’ਚ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਅ ਕੇ ਘਰ-ਘਰ ’ਚ ਮਸ਼ਹੂਰ ਹੋਏ ਅਦਾਕਾਰ ਨਿਤੀਸ਼ ਭਾਰਦਵਾਜ ਦੀ ਨਿੱਜੀ ਜ਼ਿੰਦਗੀ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹਾਲ ਹੀ ’ਚ ਉਸ ਨੇ ਆਪਣੀ ਸਾਬਕਾ ਪਤਨੀ ਤੇ ਮੱਧ ਪ੍ਰਦੇਸ਼ ਕੇਡਰ ਦੀ ਆਈ. ਏ. ਐੱਸ. ਸਮਿਤਾ ਭਾਰਦਵਾਜ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।

ਅਦਾਕਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਾਬਕਾ ਪਤਨੀ ਸਮਿਤਾ ਉਨ੍ਹਾਂ ਨੂੰ ਆਪਣੀਆਂ ਜੁੜਵਾ ਬੇਟੀਆਂ ਨੂੰ ਮਿਲਣ ਨਹੀਂ ਦਿੰਦੀ। ਹੁਣ ਸਮਿਤਾ ਨੇ ਨਿਤੀਸ਼ ਭਾਰਦਵਾਜ ਦੀ ਜਾਇਦਾਦ ਵੇਚਣ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ।

ਸਮਿਤਾ ਨੇ ਨਿਤੀਸ਼ ਭਾਰਦਵਾਜ ’ਤੇ ਲਗਾਏ ਇਲਜ਼ਾਮ
ਨਿਊਜ਼ ਏਜੰਸੀ ਮੁਤਾਬਕ 23 ਫਰਵਰੀ ਨੂੰ ਸਮਿਤਾ ਭਾਰਦਵਾਜ ਨੇ ਨਿਤੀਸ਼ ਦੀ ਜਾਇਦਾਦ ਦੀ ਵਿਕਰੀ ਲਈ ਮੁੰਬਈ ਦੀ ਫੈਮਿਲੀ ਕੋਰਟ ਤੋਂ ਮਦਦ ਮੰਗੀ ਹੈ। ਉਸ ਨੇ ਤਲਾਕ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਹੈ। ਸਮਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਨਿਤੀਸ਼ ਲੜਕੀਆਂ ਦੇ ਪਾਲਣ-ਪੋਸ਼ਣ ਲਈ ਇਕ ਰੁਪਿਆ ਵੀ ਨਹੀਂ ਦੇ ਰਹੇ ਹਨ, ਜਦਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦੇ ਖ਼ਰਚੇ ਲਈ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਸਮਿਤਾ ਨੇ ਨਿਤੀਸ਼ ਭਾਰਦਵਾਜ ਵਲੋਂ ਕੀਤੇ ਵਾਅਦੇ ਅਨੁਸਾਰ ਆਪਣੀਆਂ ਦੋ ਧੀਆਂ ਲਈ ਹਰ ਮਹੀਨੇ 10,000 ਰੁਪਏ ਦੀ ਰਾਸ਼ੀ ਵਸੂਲਣ ਲਈ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਨੂੰ ‘ਡਾਰਕਹਾਸਟ’ ਕਿਹਾ ਜਾਂਦਾ ਹੈ। ਨਿਤੀਸ਼ ਦੀ ਸਾਬਕਾ ਪਤਨੀ ਨੇ ਅਦਾਲਤ ਨੂੰ ਆਪਣਾ ਪੁਰਾਣਾ ਸਾਮਾਨ ਵੇਚਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਉਸ ਸਾਮਾਨ ਤੋਂ ਮਿਲੇ ਪੈਸਿਆਂ ਨਾਲ ਆਪਣੀਆਂ ਧੀਆਂ ਦਾ ਪਾਲਣ-ਪੋਸ਼ਣ ਕਰ ਸਕੇ।

ਕੀ ਕਿਹਾ ਸਮਿਤਾ ਦੇ ਵਕੀਲ ਨੇ?
ਸਮਿਤਾ ਦੇ ਵਕੀਲ ਚਿਨਮੋਏ ਵੈਦਿਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਹਾਨਗਰ ਦੇ ਬਾਂਦਰਾ ਦੀ ਫੈਮਿਲੀ ਕੋਰਟ ’ਚ ‘ਡਾਰਕਹਾਸਟ’ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸੰਬਰ ਤੋਂ ਲੈ ਕੇ ਹੁਣ ਤੱਕ ਨਿਤੀਸ਼ ਭਾਰਦਵਾਜ ਨੇ ਆਪਣੀਆਂ ਧੀਆਂ ਦੇ ਪਾਲਣ-ਪੋਸ਼ਣ ਲਈ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਹੈ, ਜਿਸ ਦਾ ਅਦਾਲਤ ਨੇ ਹੁਕਮ ਦਿੱਤਾ ਸੀ। ਇਸ ਕਾਰਨ ਮੈਨੂੰ ਆਪਣੇ ਕਲਾਇੰਟ ਦੀ ਤਰਫ਼ੋਂ ਰਿਕਵਰੀ ਦੀ ਕਾਰਵਾਈ ਦਾਇਰ ਕਰਨੀ ਪਈ। ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ।

ਨਿਤੀਸ਼ ਭਾਰਦਵਾਜ ਨੇ ਕਿਹਾ ਕਿ ਮੈਨੂੰ ਆਪਣੇ ਵਕੀਲਾਂ ਨਾਲ ਗੱਲ ਕਰਨੀ ਪਵੇਗੀ ਕਿ ਕੀ ਉਨ੍ਹਾਂ (ਸਮਿਤਾ) ਵਲੋਂ ਅਜਿਹੀ ਕੋਈ ਅਰਜ਼ੀ ਦਾਇਰ ਕੀਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਯਕੀਨੀ ਤੌਰ ’ਤੇ ਇਸ ਦਾ ਜਵਾਬ ਦੇਵਾਂਗੇ।

ਦੱਸ ਦੇਈਏ ਕਿ ਨਿਤੀਸ਼ ਭਾਰਦਵਾਜ ਨੇ 14 ਮਾਰਚ, 2009 ਨੂੰ ਮੱਧ ਪ੍ਰਦੇਸ਼ ਕੇਡਰ ਦੀ ਆਈ. ਏ. ਐੱਸ. ਅਧਿਕਾਰੀ ਸਮਿਤਾ ਨਾਲ ਦੂਜਾ ਵਿਆਹ ਕੀਤਾ ਸੀ। ਦੋਵਾਂ ਦਾ ਆਪਣੇ ਪਹਿਲੇ ਵਿਆਹ ’ਚ ਤਲਾਕ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਕੁਝ ਕਾਮਨ ਦੋਸਤਾਂ ਦੇ ਜ਼ਰੀਏ ਹੋਈ ਸੀ ਤੇ ਫਿਰ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ। 2019 ’ਚ ਅਦਾਕਾਰ ਨੇ ਤਲਾਕ ਲਈ ਅਰਜ਼ੀ ਦਿੱਤੀ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਸਮਿਤਾ ਤੋਂ 2022 ’ਚ ਤਲਾਕ ਹੋ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News