ਨਵਾਜ਼ੂਦੀਨ ਸਿੱਦੀਕੀ ’ਤੇ ਸਾਬਕਾ ਪਤਨੀ ਆਲੀਆ ਨੇ ਲਗਾਇਆ ਜਬਰ-ਜ਼ਿਨਾਹ ਦਾ ਦੋਸ਼, ਕੇਸ ਦਰਜ

02/25/2023 10:37:23 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਨੇ ਉਨ੍ਹਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਸਾਬਕਾ ਪਤਨੀ ਆਲੀਆ ਸਿੱਦੀਕੀ ਨੇ ਨਵਾਜ਼ੂਦੀਨ ਸਿੱਦੀਕੀ ’ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰਕੇ ਇਸ ਬਾਰੇ ਦੱਸਿਆ।

ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਉਹ ਅਦਾਕਾਰ ’ਤੇ ਗੰਭੀਰ ਦੋਸ਼ ਲਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਆਲੀਆ ਸਿੱਦੀਕੀ ਰੋਂਦੀ ਹੋਈ ਕਹਿ ਰਹੀ ਹੈ ਕਿ ਨਵਾਜ਼ੂਦੀਨ ਸਿੱਦੀਕੀ ਉਸ ਤੋਂ ਉਸ ਦੇ ਬੱਚੇ ਖੋਹਣਾ ਚਾਹੁੰਦੇ ਹਨ। ਉਹ ਇਨ੍ਹੀਂ ਦਿਨੀਂ ਵਿੱਤੀ ਸੰਕਟ ਨਾਲ ਵੀ ਜੂਝ ਰਹੀ ਹੈ।

ਵੀਡੀਓ ਸਾਂਝੀ ਕਰਦਿਆਂ ਆਲੀਆ ਨੇ ਲਿਖਿਆ, ‘‘ਇਕ ਮਹਾਨ ਅਦਾਕਾਰ, ਜੋ ਅਕਸਰ ਮਹਾਨ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਬੇਦਰਦ ਮਾਂ ਜੋ ਮੇਰੇ ਮਾਸੂਮ ਬੱਚੇ ਨੂੰ ਨਾਜਾਇਜ਼ ਆਖਦੀ ਹੈ ਤੇ ਇਹ ਗਰੀਬ ਆਦਮੀ ਚੁੱਪ ਰਹਿੰਦਾ ਹੈ। ਕੱਲ ਹੀ ਵਰਸੋਵਾ ਪੁਲਸ ਸਟੇਸ਼ਨ ’ਚ ਉਸ ਦੇ ਖ਼ਿਲਾਫ਼ ਜਬਰ-ਜ਼ਿਨਾਹ ਦੀ ਸ਼ਿਕਾਇਤ (ਸਬੂਤ ਸਮੇਤ) ਦਰਜ ਕਰਵਾਈ ਗਈ ਹੈ। ਕੁਝ ਵੀ ਹੋ ਜਾਵੇ, ਮੈਂ ਆਪਣੇ ਮਾਸੂਮ ਬੱਚਿਆਂ ਨੂੰ ਇਨ੍ਹਾਂ ਬੇਰਹਿਮ ਹੱਥਾਂ ’ਚ ਨਹੀਂ ਜਾਣ ਦਿਆਂਗੀ।’’

ਇਹ ਖ਼ਬਰ ਵੀ ਪੜ੍ਹੋ : ਜੈਕਲੀਨ ਤੋਂ ਬਾਅਦ ਡਾਇਰੈਕਟਰ ਕਰੀਮ ਮੋਰਾਨੀ ਈਡੀ ਦੇ ਨਿਸ਼ਾਨੇ 'ਤੇ, ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਗਿਆ ਸੰਮਨ

ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ’ਚ ਆਲੀਆ ਕਹਿੰਦੀ ਹੈ, ‘‘ਨਵਾਜ਼ ਨੇ ਕੱਲ ਅਦਾਲਤ ’ਚ ਇਕ ਕੇਸ ਦਾਇਰ ਕੀਤਾ ਹੈ, ਜਿਸ ’ਚ ਉਸ ਦਾ ਕਹਿਣਾ ਹੈ ਕਿ ਉਹ ਬੱਚੇ ਦੀ ਕਸਟਡੀ ਚਾਹੁੰਦਾ ਹੈ। ਮੈਂ ਤੁਹਾਡੇ ਲੋਕਾਂ ਤੋਂ ਜਾਣਨਾ ਚਾਹੁੰਦੀ ਹਾਂ ਕਿ ਜਿਸ ਵਿਅਕਤੀ ਨੇ ਕਦੇ ਬੱਚੇ ਮਹਿਸੂਸ ਨਹੀਂ ਕੀਤੇ, ਨਾ ਉਨ੍ਹਾਂ ਨੂੰ ਪੇਟ ’ਚ ਮਹਿਸੂਸ ਕੀਤਾ ਤੇ ਨਾ ਹੀ ਉਨ੍ਹਾਂ ਨੂੰ ਬਾਅਦ ’ਚ ਮਹਿਸੂਸ ਕੀਤਾ। ਕੌਣ ਨਹੀਂ ਜਾਣਦਾ ਕਿ ਬੱਚੇ ਦੇ ਡਾਇਪਰ ਦੀ ਕੀਮਤ ਕਿੰਨੀ ਹੈ। ਡਾਇਪਰ ਕਿਵੇਂ ਪਹਿਨਣਾ ਹੈ। ਬੱਚੇ ਕਦੋਂ ਵੱਡੇ ਹੋ ਗਏ ਹਨ, ਉਸ ਨੂੰ ਕੁਝ ਨਹੀਂ ਪਤਾ ਤੇ ਉਨ੍ਹਾਂ ਬੱਚਿਆਂ ਨੂੰ ਮੇਰੇ ਤੋਂ ਖੋਹ ਕੇ ਉਹ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹੈ ਤੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਬਹੁਤ ਵਧੀਆ ਪਿਤਾ ਹੈ।’’

ਬੱਚਿਆਂ ਬਾਰੇ ਗੱਲ ਕਰਦਿਆਂ ਆਲੀਆ ਰੋਣ ਲੱਗਦੀ ਹੈ ਤੇ ਕਹਿੰਦੀ ਹੈ, ‘‘ਨਵਾਜ਼ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਿਹਾ ਹੈ। ਉਹ ਪੈਸੇ ਨਾਲ ਕੁਝ ਵੀ ਖਰੀਦ ਸਕਦੇ ਹਨ ਪਰ ਮੇਰੇ ਬੱਚੇ ਮੇਰੇ ਤੋਂ ਖੋਹੇ ਨਹੀਂ ਜਾ ਸਕਦੇ।’’ ਨਵਾਜ਼ੂਦੀਨ ਤੇ ਆਲੀਆ ਦੇ ਰਿਸ਼ਤੇ ਬਾਰੇ ਆਲੀਆ ਕਹਿੰਦੀ ਹੈ, ‘‘ਤੁਸੀਂ ਮੈਨੂੰ ਆਪਣੀ ਪਤਨੀ ਨਹੀਂ ਸਮਝਦੇ ਸੀ ਪਰ ਮੈਂ ਤੁਹਾਨੂੰ ਹਮੇਸ਼ਾ ਆਪਣਾ ਪਤੀ ਸਮਝਦੀ ਸੀ। ਮੈਂ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੀ। ਮੇਰੇ ਕੋਲ ਪੈਸੇ ਦੀ ਹਰ ਸਮੱਸਿਆ ਹੈ ਤੇ ਤੁਸੀਂ ਮੇਰੇ ਬੱਚੇ ਮੇਰੇ ਕੋਲੋਂ ਖੋਹ ਰਹੇ ਹੋ।’’ ਆਲੀਆ ਨੇ ਅੱਗੇ ਕਿਹਾ ਕਿ ਉਸ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਕਿ ਫ਼ੈਸਲਾ ਉਸ ਦੇ ਹੱਕ ’ਚ ਹੋਵੇਗਾ।

 
 
 
 
 
 
 
 
 
 
 
 
 
 
 
 

A post shared by Aaliya Siddiqui (@aaliyanawazuddin)

ਹਾਲ ਹੀ ’ਚ ਨਵਾਜ਼ੂਦੀਨ ਨੇ ਆਪਣੀ ਪਤਨੀ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਚੁੱਪੀ ਤੋੜੀ ਹੈ। ਇਕ ਇੰਟਰਵਿਊ ’ਚ ਇਸ ਮਾਮਲੇ ’ਤੇ ਗੱਲ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, ‘‘ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਮੇਰੇ ਬੱਚੇ ਸਕੂਲ ਜਾਣ। ਇਸ ਸਭ ਕਾਰਨ ਮੇਰੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੇਰੇ ਬੱਚੇ ਦੁਬਈ ’ਚ ਪੜ੍ਹਦੇ ਹਨ ਤੇ ਉਹ ਪਿਛਲੇ ਇਕ ਮਹੀਨੇ ਤੋਂ ਇਥੇ ਹਨ। ਮੈਂ ਸਿਰਫ ਇਹ ਅਪੀਲ ਕਰਨਾ ਚਾਹਾਂਗਾ ਕਿ ਮੇਰੇ ਬੱਚੇ ਸਕੂਲ ਜਾਣ।’’ ਬੱਚਿਆਂ ਬਾਰੇ ਗੱਲ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਵੀ ਭਾਵੁਕ ਹੋ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News