ਦੁਸਹਿਰੇ ਦੇ ਮੇਲੇ ’ਤੇ ਮਾਡਲ ਨੂੰ ਮਾਰੀ ਸੀ ਗੋਲੀ, ਹਸਪਤਾਲ ’ਚ ਤੋੜਿਆ ਦਮ

10/17/2021 5:09:26 PM

ਮੁੰਬਈ (ਬਿਊਰੋ)– ਮਸ਼ਹੂਰ ਮਾਡਲ ਅਨੀਤਾ ਦੇਵੀ ਉਰਫ ਮੋਨਾ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ ਹੈ। ਉਸ ਨੂੰ ਰਾਜੀਵ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਰਾਮਨਗਰੀ ਸੈਕਟਰ 2 ਸਥਿਤ ਘਰ ਦੇ ਸਾਹਮਣੇ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਦੁਸਹਿਰੇ ਮੇਲੇ ਦੌਰਾਨ ਰਾਤ ਸਮੇਂ ਵਾਪਰੀ। ਦੱਸਿਆ ਜਾ ਰਿਹਾ ਸੀ ਕਿ ਮੇਲੇ ਤੋਂ ਵਾਪਸ ਆਉਂਦੇ ਸਮੇਂ ਮੋਨਾ ਨਾਲ ਬਦਸਲੂਕੀ ਕੀਤੀ ਗਈ। ਗੋਲੀ ਪੇਟ ਦੇ ਹਿੱਸੇ ’ਤੇ ਲੱਗੀ ਸੀ, ਜਿਸ ਕਾਰਨ ਦਿਲ ਤੇ ਗੁਰਦੇ ਨੂੰ ਨੁਕਸਾਨ ਹੋਇਆ ਸੀ।

ਪਿਛਲੇ ਮੰਗਲਵਾਰ ਰਾਤ ਨੂੰ ਵਾਪਰੀ ਇਸ ਘਟਨਾ ’ਚ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਜ਼ਖ਼ਮੀ ਮੋਨਾ ਨੂੰ ਰਾਜੀਵ ਨਗਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਦੋਂ ਹਾਲਤ ਵਿਗੜ ਗਈ ਤਾਂ ਮਾਡਲ ਨੂੰ ਆਈ. ਜੀ. ਆਈ. ਐੱਮ. ਐੱਸ. ’ਚ ਤਬਦੀਲ ਕਰ ਦਿੱਤਾ ਗਿਆ। ਰਾਜੀਵ ਨਗਰ ਥਾਣੇ ਦੇ ਇੰਚਾਰਜ ਸਰੋਜ ਕੁਮਾਰ ਨੇ ਦੱਸਿਆ ਕਿ ਮੋਨਾ ਦੀ ਐਤਵਾਰ ਨੂੰ ਚਾਰ ਵਜੇ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਪ੍ਰੋਡਕਸ਼ਨ ਹਾਊਸਿਜ਼ ਲਈ ਸਖ਼ਤ ਮੁਕਾਬਲੇਬਾਜ਼ ਦੇ ਰੂਪ ’ਚ ਉੱਭਰ ਰਹੇ ਨੇ ਦਲਜੀਤ ਥਿੰਦ

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੀ ਸ਼ਾਮ ਮੋਨਾ ਆਪਣੀ ਛੋਟੀ ਬੇਟੀ ਦੇ ਨਾਲ ਮੰਦਰ ’ਚ ਪੂਜਾ ਕਰਨ ਗਈ ਸੀ। ਉਸ ਨੇ ਨਰਾਤਿਆਂ ਦੇ ਵਰਤ ਰੱਖੇ ਹੋਏ ਸਨ। ਮੰਦਰ ਤੋਂ ਵਾਪਸ ਆ ਕੇ ਉਸ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਸਕੂਟਰ ਨੂੰ ਘਰ ਦੇ ਅੰਦਰ ਦਾਖ਼ਲ ਕਰ ਰਹੀ ਸੀ। ਇਸ ਦੌਰਾਨ ਬਾਈਕ ’ਤੇ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੇ ਹੈਲਮੇਟ ਪਹਿਨਿਆ ਹੋਣ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।

ਪੁਲਸ ਨੇ ਮਾਡਲ ਦੇ ਸੰਪਰਕ ’ਚ ਰਹੇ ਇਕ ਬਿਲਡਰ ਦੇ ਟਿਕਾਣੇ ’ਤੇ ਛਾਪੇਮਾਰੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਸ਼ਮੂਲੀਅਤ ਦਾ ਕੋਈ ਸੁਰਾਗ ਪੁਲਸ ਨੂੰ ਹੁਣ ਤਕ ਨਹੀਂ ਮਿਲਿਆ ਹੈ। ਬਿਲਡਰ ਦੇ ਟਿਕਾਣੇ ’ਤੇ ਸ਼ਰਾਬ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਡਲ ਦੀ ਹੱਤਿਆ ਦੇ ਮਾਮਲੇ ’ਚ ਪੁਲਸ ਦੇ ਹੱਥ ਹੁਣ ਤਕ ਖਾਲੀ ਹਨ। ਰਾਜੀਵ ਨਗਰ ਥਾਣਾ ਇੰਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਹੁਣ ਇਸ ਮਾਮਲੇ ’ਚ ਹੱਤਿਆ ਦੀ ਧਾਰਾ ਦੇ ਤਹਿਤ ਜਾਂਚ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News