ਤੀਜੀ ਵਾਰ ਗਰਭਵਤੀ ਹੋਣ ਦੀਆਂ ਅਫਵਾਹਾਂ ’ਤੇ ਬੋਲੀ ਕਰੀਨਾ ਕਪੂਰ, ‘ਕੀ ਮੈਂ ਮਸ਼ੀਨ ਹਾਂ?’

07/30/2022 5:55:42 PM

ਮੁੰਬਈ (ਬਿਊਰੋ)– ਕਰੀਨਾ ਕਪੂਰ ਖ਼ਾਨ ਦੀ ਇਕ ਤਸਵੀਰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਤਸਵੀਰ ਨੂੰ ਦੇਖ ਕੇ ਹਰ ਕਿਸੇ ਨੂੰ ਵੱਡਾ ਝਟਕਾ ਲੱਗਾ ਸੀ। ਤਸਵੀਰ ’ਚ ਕਰੀਨਾ ਆਪਣੇ ਪਤੀ ਸੈਫ ਅਲੀ ਖ਼ਾਨ ਤੇ ਇਕ ਦੋਸਤ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ। ਇਸ ਤਸਵੀਰ ’ਚ ਸਾਰਿਆਂ ਦਾ ਧਿਆਨ ਜਿਸ ਚੀਜ਼ ’ਤੇ ਗਿਆ ਸੀ, ਉਹ ਸੀ ਉਸ ਦਾ ‘ਬੇਬੀ ਬੰਪ’। ਤਸਵੀਰ ’ਚ ਲੋਕਾਂ ਨੂੰ ਕਰੀਨਾ ਦੀ ਬੈਲੀ ਦੇਖ ਕੇ ਲੱਗਾ ਕਿ ਉਹ ਇਕ ਵਾਰ ਮੁੜ ਗਰਭਵਤੀ ਹੈ। ਹੁਣ ਇਨ੍ਹਾਂ ਅਫਵਾਹਾਂ ’ਤੇ ਅਦਾਕਾਰਾ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਕਰੀਨਾ ਕਪੂਰ ਖ਼ਾਨ ਨੇ ਆਪਣੇ ਗਰਭਵਤੀ ਹੋਣ ਦੀਆਂ ਅਫਵਾਹਾਂ ’ਤੇ ਗੱਲਬਾਤ ਕੀਤੀ ਹੈ। ਉਸ ਨੇ ਦੱਸਿਆ ਕਿ ਆਪਣੀ ਤਸਵੀਰ ਨੂੰ ਦੇਖਣ ਤੋਂ ਬਾਅਦ ਉਸ ਦੀ ਕੀ ਪ੍ਰਤੀਕਿਰਿਆ ਸੀ। ਕਰੀਨਾ ਨੇ ਇਹ ਵੀ ਦੱਸਿਆ ਕਿ ਉਹ ਜਾਣਦੀ ਹੈ ਕਿ ਸੋਸ਼ਲ ਮੀਡੀਆ ’ਤੇ ਉਹ ਆਪਣੀ ਜੋ ਤਸਵੀਰ ਸਾਂਝੀ ਕਰਦੀ ਹੈ ਤੇ ਜੋ ਵੀ ਲਿਖਦੀ ਹੈ, ਉਸ ਨੂੰ ਲੈ ਕੇ ਲੋਕ ਕੀ ਸੋਚ ਰੱਖਦੇ ਹਨ।

ਕਰੀਨਾ ਕਪੂਰ ਨੇ ਆਪਣੀ ਵਾਇਰਲ ਤਸਵੀਰ ਤੇ ਗਰਭਵਤੀ ਹੋਣ ਦੀਆਂ ਖ਼ਬਰਾਂ ਨੂੰ ਇਕ ਇੰਸਟਾ ਪੋਸਟ ਰਾਹੀਂ ਖਾਰਜ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਇਹ ਪਾਸਤਾ ਤੇ ਵਾਈਨ ਦਾ ਅਸਰ ਹੈ। ਹੁਣ ਗਰਭਵਤੀ ਹੋਣ ਦੀਆਂ ਅਫਵਾਹਾਂ ’ਤੇ ਗੱਲ ਕਰਦਿਆਂ ਕਰੀਨਾ ਨੇ ਕਿਹਾ, ‘‘ਉਹ ਤਸਵੀਰ ਐਡਿਟ ਕੀਤੀ ਗਈ ਸੀ। ਮੇਰਾ ਢਿੱਡ ਉਸ ਤਰ੍ਹਾਂ ਦਾ ਦਿਖ ਰਿਹਾ ਸੀ ਤੇ ਮੈਂ ਸੋਚਿਆ ਹੇ ਭਗਵਾਨ ਇਹ ਕੀ ਹੈ? ਸ਼ਾਇਦ ਇਹ ਵਾਈਨ ਤੇ ਪਾਸਤਾ ਕਾਰਨ ਹੋਇਆ ਹੈ। ਮੈਨੂੰ ਕੀ ਪਤਾ? ਮੈਂ 40 ਦਿਨਾਂ ਦੀਆਂ ਛੁੱਟੀਆਂ ’ਤੇ ਗਈ ਸੀ। ਮੈਨੂੰ ਕੋਈ ਆਇਡੀਆ ਨਹੀਂ ਹੈ। ਮੈਂ ਭੁੱਲ ਚੁੱਕੀ ਸੀ ਕਿ ਮੈਂ ਕਿੰਨੇ ਪਿੱਜ਼ਾ ਖਾ ਲਏ ਹਨ। ਮੈਨੂੰ ਸਿਰਫ ਸ਼ਾਂਤ ਹੋਣ ਦੀ ਲੋੜ ਸੀ। ਮੈਂ ਕਿਹਾ ਚਿੱਲ ਕਰੋ, ਤੁਸੀਂ ਇਨਸਾਨ ਹੋ, ਇਹ ਠੀਕ ਹੈ।’’

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਕਰੀਨਾ ਨੇ ਇਹ ਮੰਨਿਆ ਕਿ ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਵੀ ਇਕ ਔਰਤ ਦਾ ਭਾਰ ਵਧਦਾ ਹੈ ਤਾਂ ਪਹਿਲੀ ਚੀਜ਼ ਲੋਕਾਂ ਦੇ ਮਨ ’ਚ ਇਹੀ ਆਉਂਦੀ ਹੈ ਕਿ ਕਿਤੇ ਉਹ ਗਰਭਵਤੀ ਤਾਂ ਨਹੀਂ ਹੈ? ਉਸ ਨੇ ਕਿਹਾ, ‘‘ਕੀ ਮਤਲਬ ਹੈ ਕੀ ਉਹ ਗਰਭਵਤੀ ਹੈ? ਕੀ ਉਹ ਇਕ ਹੋਰ ਬੱਚਾ ਕਰ ਰਹੀ ਹੈ? ਕੀ ਮੈਂ ਕੋਈ ਮਸ਼ੀਨ ਹਾਂ? ਇਹ ਮੇਰੀ ਮਰਜ਼ੀ ’ਤੇ ਛੱਡ ਦੋ ਨਾ।’’

ਉਸ ਨੇ ਇਹ ਵੀ ਕਿਹਾ, ‘‘ਇਸ ਲਈ ਮੈਂ ਉਹ ਨੋਟ ਲਿਖਿਆ ਸੀ। ਸੁਣੋ ਯਾਰ, ਅਸੀਂ ਸਾਰੇ ਵੀ ਤੁਹਾਡੇ ਵਾਂਗ ਇਨਸਾਨ ਹਾਂ। ਚੀਜ਼ਾਂ ਨੂੰ ਅਸਲੀ ਰੱਖੋ। ਅੱਜ ਦੇ ਸਮੇਂ ’ਚ ਮੈਂ ਉਹ ਅਦਾਕਾਰਾ ਹਾਂ, ਜਿਸ ਨੇ ਚੀਜ਼ਾਂ ਨੂੰ ਈਮਾਨਦਾਰੀ ਨਾਲ ਦੱਸਿਆ ਹੈ। ਮੈਂ 8 ਮਹੀਨੇ ਦੀ ਗਰਭਵਤੀ ਸੀ, ਉਦੋਂ ਵੀ ਮੈਂ ਕੰਮ ਕੀਤਾ ਸੀ ਤੇ ਉਦੋਂ ਮੈਂ ਸਭ ਤੋਂ ਜ਼ਿਆਦਾ ਮੋਟੀ ਸੀ। ਮੈਂ ਉਨ੍ਹਾਂ ਲੋਕਾਂ ’ਚੋਂ ਹਾਂ, ਜੋ ਕੁਝ ਨਹੀਂ ਲੁਕਾਉਂਦੇ ਜਾਂ ਇਹ ਕਹਿੰਦੇ ਹਨ ਕਿ ਮੈਂ ਪਰਫੈਕਟ ਹਾਂ ਪਰ ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਊਣ ਦੀ ਆਜ਼ਾਦੀ ਵੀ ਤਾਂ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News