ਸੀ. ਐੱਮ. ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਪੋਸਟ ਸਾਂਝੀ ਕਰ ਆਖੀ ਇਹ ਗੱਲ
Monday, Jan 23, 2023 - 11:40 AM (IST)
ਮੁੰਬਈ (ਬਿਊਰੋ)– ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਮੁੰਬਈ ਦੌਰੇ ’ਤੇ ਹਨ। ਬੀਤੇ ਦਿਨੀਂ ਭਗਵੰਤ ਮਾਨ ਨੇ ਪੰਜਾਬ ’ਚ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਹੋਈ।
ਕਪਿਲ ਸ਼ਰਮਾ ਨੇ ਭਗਵੰਤ ਮਾਨ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਭਗਵੰਤ ਮਾਨ ਤੇ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੀ ਹੈ।
ਤਸਵੀਰਾਂ ਸਾਂਝੀਆਂ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, ‘‘ਕੱਲ ਸ਼ਾਮ ਮੁੰਬਈ ’ਚ ਵੱਡੇ ਵੀਰ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨਾਲ ਬੜੇ ਲੰਮੇ ਸਮੇਂ ਬਾਅਦ ਮੁਲਾਕਾਤ ਹੋਈ। ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ। ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ, ਮਾਣ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਭਾਅ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ’ਚ ਰੱਖੇ ਸਾਡੇ ਵੀਰ ਨੂੰ।’’
ਦੱਸ ਦੇਈਏ ਕਪਿਲ ਸ਼ਰਮਾ ਦੀ ਇਸ ਪੋਸਟ ’ਤੇ ਗਿੱਪੀ ਗਰੇਵਾਲ ਤੇ ਦਲੇਰ ਮਹਿੰਦੀ ਨੇ ਵੀ ਕੁਮੈਂਟ ਰਾਹੀਂ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਜਿਥੇ ਗਿੱਪੀ ਗਰੇਵਾਲ ਨੇ ਕੁਮੈਂਟ ’ਚ ਦਿਲ ਬਣਾ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਥੇ ਦਲੇਰ ਮਹਿੰਦੀ ਨੇ ਲਿਖਿਆ, ‘‘ਮੇਰੇ ਪਿਆਰੇ ਵੀਰ ਭਗਵੰਤ ਮਾਨ, ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਨੂੰ ਇਕੱਠਿਆਂ ਦੇਖ ਕੇ ਬੇਹੱਦ ਖ਼ੁਸ਼ੀ ਹੋਈ। ਚੜ੍ਹਦੀ ਕਲਾ, ਰੱਬ ਰਾਖਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।