ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣ ਦਾ ਨੈਤਿਕ ਹੱਕ ਗੁਆਇਆ : ਸੁਨੀਲ ਜਾਖੜ
Friday, May 01, 2026 - 07:29 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਬੁਲਾਈ ਜਨਤਾ ਦੀ ਵਿਧਾਨ ਸਭਾ ਵਿਚ ਬੋਲਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਅੱਜ ਦੇ ਵਿਧਾਨ ਸਭਾ ਵਿਚ ਕੀਤੇ ਆਚਰਣ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਣੇ ਰਹਿਣ ਦਾ ਨੈਤਿਕ ਹੱਕ ਪੂਰੀ ਤਰਾਂ ਨਾਲ ਗੁਆ ਲਿਆ ਹੈ। ਸੁਨੀਲ ਜਾਖੜ ਨੇ ਪੰਜਾਬ ਦੇ ਲੋਕਤੰਤਰ ਵਿਚ ਅੱਜ ਦੇ ਦਿਨ ਨੂੰ ਕਾਲਾ ਦਿਨ ਦੱਸਦਿਆਂ ਕਿਹਾ ਕਿ ਪਾਰਟੀ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਮੰਗ ਕਰੇਗੀ ਕਿ ਭਗਵੰਤ ਸਿੰਘ ਮਾਨ ਇਸ ਅਹੁਦੇ ਲਈ ਯੋਗ ਨਹੀਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਧਾਨ ਸਭਾ ਦੇ ਵਿਸੇਸ਼ ਸੈਸ਼ਨ ਜੁੜਨ ਤੋਂ ਪਹਿਲਾਂ ਹੀ ਇਕ ਸ਼ੋਸਲ ਮੀਡੀਆ ਪੋਸਟ ਪਾ ਕੇ ਵਿਧਾਨ ਸਭਾ ਵਿਚ ਪਹੁੰਚਣ ਵਾਲੇ ਆਗੂਆਂ ਦੇ ਬ੍ਰੀਥ ਐਨਾਲਾਇਜਰ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਇਹ ਉਹ ਟੈਸਟ ਹੈ ਜੋ ਪੁਲਿਸ ਵੱਲੋਂ ਡਰਾਇਵਰਾਂ ਵੱਲੋਂ ਸ਼ਰਾਬ ਪੀਤੇ ਹੋਣ ਜਾਂ ਨਾ ਪੀਤੇ ਹੋਣ ਸਬੰਧੀ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ।
ਜਨਤਾ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਚੰਗਾ ਹੁੰਦਾ ਸਰਕਾਰ ਵਿਧਾਨ ਸਭਾ ਵਿਚ ਫਲੋਰ ਟੈਸਟ ਕਰਵਾਉਣ ਦੀ ਬਜਾਏ ਅਲਕੋਹਲ ਟੈਸਟ ਕਰਵਾ ਲੈਂਦੀ। ਉਨ੍ਹਾਂ ਨੇ ਕਿਹਾ ਕਿ ਅਕਸਰ ਵਿਰੋਧੀ ਧਿਰ ਵਿਧਾਨ ਸਭਾ ਵਿਚੋਂ ਬਾਇਕਾਟ ਕਰਦੀ ਹੈ ਪਰ ਅੱਜ ਤਾਂ ਮੁੱਖ ਮੰਤਰੀ ਹੀ ਬਾਈਕਾਟ ਕਰ ਗਏ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਨਾ ਕੇਵਲ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਅਪਮਾਨ ਕੀਤਾ ਹੈ ਸਗੋਂ ਉਨ੍ਹਾਂ ਨੇ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਨੂੰ ਦਾਗ ਲਗਾਉਣ ਵਾਲੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਪੂਰੀ ਤਰਾਂ ਮੁੱਖ ਮੰਤਰੀ ਦੇ ਅਹੁਦੇ ਲਈ ਅਯੋਗ ਹੋ ਗਏ ਹਨ ਅਤੇ ਉਨ੍ਹਾਂ ਨਾਲ ਚਾਹੇ ਕਿੰਨੇ ਵੀ ਵਿਧਾਇਕ ਹੋਣ, ਪਰ ਉਹ ਪੰਜਾਬ ਦੇ ਲੋਕਾਂ ਦਾ ਵਿਸਵਾਸ਼ ਅੱਜ ਗੁਆ ਚੁੱਕੇ ਹਨ।
ਸੁਨੀਲ ਜਾਖੜ ਨੇ ਇਸ ਮੌਕੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੀਟਿੰਗ ਵਿਚ ਪੰਜਾਬ ਦੇ ਦੋ ਮੰਤਰੀਆਂ ਅਮਨ ਅਰੋੜਾ ਤੇ ਸੰਜੀਵ ਅਰੋੜ ਅਤੇ ਮੁੱਖ ਸਕੱਤਰ ਪੰਜਾਬ ਨੂੰ ਰੱਜ ਕੇ ਜਲੀਲ ਕੀਤਾ ਗਿਆ। ਉਨ੍ਹਾਂ ਨੇ ਇੰਨ੍ਹਾਂ ਮੰਤਰੀਆਂ ਤੇ ਤਰਸ਼ ਖਾਂਦਿਆਂ, ਹੈਰਾਨੀ ਪ੍ਰਗਟ ਕੀਤੀ ਕਿ ਇੰਨ੍ਹੀ ਜਲਾਲਤ ਝੱਲਣ ਤੋਂ ਬਾਅਦ ਵੀ ਕੁਰਸੀ ਦੀ ਭੁੱਖ ਵਿਚ ਉਹ ਮੰਤਰੀ ਹਾਲੇ ਵੀ ਸਰਕਾਰ ਵਿਚ ਬੈਠੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਮਜਦੂਰਾਂ ਦੇ ਨਾਂਅ ਤੇ ਸੈਸ਼ਨ ਬੁਲਾਇਆ ਗਿਆ ਪਰ ਇਸਦਾ ਅਸਲ ਉਦੇਸ਼ ਤਾਂ ਆਪਣੀ ਸਰਕਾਰ ਨੂੰ 6 ਮਹੀਨੇ ਦੀ ਮੋਹਲਤ ਲੈਣਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਾਢੇ 4 ਲੱਖ ਕਰੋੜ ਦੇ ਕਰਜੇ ਹੇਠ ਹੈ, ਭ੍ਰਿਸ਼ਟਾਚਾਰ ਸਾਰੇ ਹੱਦ ਬੰਨੇ ਟੱਪ ਚੁੱਕਾ ਹੈ, ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਗੰਭੀਰ ਹਾਲਾਤ ਵਿਚ ਹੈ ਤੇ ਇਹ ਆਪ ਸਰਕਾਰ ਇਸਤਿਹਾਰਬਾਜੀ ਤੋਂ ਅੱਗੇ ਨਹੀਂ ਵੱਧ ਪਾ ਰਹੀ ਹੈ।
ਭਾਜਪਾ ਪ੍ਰਧਾਨ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਵਿੱਤੀ ਸਹਾਇਤਾ ਦੀ ਜ਼ਿਕਰ ਕਰਦਿਆਂ ਦੱਸਿਆ ਕਿ ਜਿਸ ਨਹਿਰੀ ਪਾਣੀ ਨੂੰ ਟੇਲਾਂ ਤੱਕ ਭੇਜਣ ਲਈ ਸਰਕਾਰ ਦਾਅਵੇ ਕਰ ਰਹੀ ਹੈ ਉਸ ਲਈ ਸਾਰਾ ਪੈਸਾ ਕੇਂਦਰ ਸਰਕਾਰ ਤੋਂ ਆ ਰਿਹਾ ਹੈ। ਰਾਜਾਂ ਨੂੰ ਵਿਸੇਸ਼ ਸਹਾਇਤਾ ਮੱਦ ਅਧੀਨ ਵੀ ਪੰਜਾਬ ਨੁੰ ਕਰੋੜਾ ਰੁਪਏ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਪਰਖ ਚੁੱਕੇ ਹਨ ਅਤੇ ਇਸ ਨੂੰ ਚਲਦਾ ਕਰਨ ਲਈ ਕਾਹਲੇ ਹਨ ਅਤੇ ਇਹੀ ਕਾਰਨ ਹੈ ਕਿ ਆਪ ਦੀ ਲੀਡਰਸਿੱਪ ਜਿਸਨੇ ਪੰਜਾਬ ਨੂੰ ਏਟੀਐਮ ਬਣਾਇਆ ਹੋਇਆ ਹੈ ਆਖਰੀ ਸਮੇਂ ਇੱਥੋਂ ਵੱਧ ਤੋਂ ਵੱਧ ਲੁੱਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਮੌਕੇ ਨਿਯਮਾਂ ਦੇ ਉਲਟ ਜਾਕੇ ਕੰਮ ਕਰ ਰਹੀ ਅਫ਼ਸਰਸਾਹੀ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਸਭ ਪਤਾ ਹੈ ਕਿ ਕਿਸ ਦੀਆਂ ਕਿੱਥੇ ਫੈਕਟਰੀਆਂ ਤੇ ਜਾਇਦਾਦਾਂ ਹਨ।
ਇਸ ਸੈਸ਼ਨ ਵਿਚ ਜਿੱਥੇ ਸਰਕਾਰ ਖਿਲਾਫ ਬੇਭਰੋਸਗੀ ਦਾ ਪ੍ਰਸਤਾਵ ਪਾਸ ਕੀਤਾ ਗਿਆ, ਉਥੇ ਹੀ ਇਸ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਸ਼ੇ ਕਾਰਨ ਜਾਨਾਂ ਗੁਆਉਣ ਵਾਲੇ 1600 ਤੋਂ ਵੱਧ ਨੌਜਵਾਨਾਂ, ਡੀਐਮ ਗਗਨਦੀਪ ਸਿੰਘ ਰੰਧਾਵਾਂ ਅਤੇ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਪੰਜਾਬੀਆਂ, ਸਰਕਾਰ ਦੀ ਅਸਫਲਤਾ ਕਾਰਨ ਆਏ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਲਈ ਸ਼ੋਕ ਮਤਾ ਵੀ ਪਾਸ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
