ਖ਼ਤਰੇ ਦੀ ਘੰਟੀ ! ਸਿਹਤ ਵਿਭਾਗ ਨੂੰ ਦੋ ਦਿਨਾਂ ’ਚ ਮਿਲੇ ਤਿੰਨ ਡੇਂਗੂ ਪਾਜ਼ੇਟਿਵ ਮਰੀਜ਼
Wednesday, Apr 22, 2026 - 01:44 PM (IST)
ਮੋਗਾ (ਸੰਦੀਪ ਸ਼ਰਮਾ) : ਰੋਜ਼ਾਨਾ ਲਗਾਤਾਰ ਤਾਪਮਾਨ ਵੱਧ ਰਿਹਾ ਹੈ, ਇਸ ਕਰ ਕੇ ਗਰਮੀ ਦਾ ਕਹਿਰ ਵੀ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਜ਼ਿਲਾ ਮੋਗਾ ਵਿਚ ਦੋ ਦਿਨਾਂ ਵਿਚ ਤਿੰਨ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੌਕੰਨਾ ਸੀ ਪਰ ਹੁਣ ਇਸ ਵਿਚ ਹੋਰ ਵੀ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਅਤੇ ਜ਼ਿਲਾ ਐਪੀਡੀਮਿਓਲੋਜਿਸਟ ਡਾ. ਨਰੇਸ਼ ਆਂਵਲਾ ਦੇ ਅਨੁਸਾਰ, ਇਨ੍ਹਾਂ ਮਰੀਜ਼ਾਂ ਵਿਚੋਂ ਇਕ 50 ਸਾਲਾ ਮਹਿਲਾ, ਇਕ 21 ਸਾਲਾ ਲੜਕੀ ਅਤੇ ਇਕ 62 ਸਾਲਾ ਬਾਘਾਪੁਰਾਣਾ ਨਿਵਾਸੀ ਮਹਿਲਾ ਸ਼ਾਮਲ ਹੈ, ਜਿਸ ਦੀ ਫਰੀਦਕੋਟ ਦੇ ਇਕ ਹਸਪਤਾਲ ਵਿਚ ਜਾਂਚ ਦੌਰਾਨ ਡੇਂਗੂ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਖਾਸ ਤੌਰ ’ਤੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਟੀਮਾਂ ਗਠਿਤ ਕਰ ਕੇ ਪਾਜ਼ੇਟਿਵ ਮਰੀਜ਼ਾਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਸਰਵੇ ਲਈ ਭੇਜ ਦਿੱਤੀਆਂ ਗਈਆਂ ਹਨ। ਟੀਮਾਂ ਵੱਲੋਂ ਮੁਹੱਲਾ ਨਿਵਾਸੀਆਂ ਨੂੰ ਡੇਂਗੂ ਤੋਂ ਬਚਾਅ ਲਈ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਸੰਦੇਹੀ ਮਰੀਜ਼ਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਡਾ. ਨਰੇਸ਼ ਆਂਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਖਾਸ ਤੌਰ ’ਤੇ ਪ੍ਰਭਾਵਿਤ ਅਤੇ ਸੰਦੇਹੀ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਤਾਇਨਾਤ ਸਿਹਤ ਅਧਿਕਾਰੀਆਂ ਵੱਲੋਂ ਡਾਕਟਰਾਂ ਅਤੇ ਮੈਡੀਕਲ ਟੀਮਾਂ ਨੂੰ ਤਿਆਰ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇ 5 ਦਿਨ ਤੱਕ ਲਗਾਤਾਰ ਬੁਖਾਰ ਰਹੇ ਅਤੇ ਸਰੀਰਕ ਕਮਜ਼ੋਰੀ ਮਹਿਸੂਸ ਹੋਵੇ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਜਾਂਚ ਕਰਵਾਉ ਅਤੇ ਮੁਫ਼ਤ ਇਲਾਜ ਦਾ ਲਾਭ ਲਵੋ, ਤਾਂ ਜੋ ਕਿਸੇ ਵੀ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ।
