ਸਰਗੁਣ ਮਹਿਤਾ ਲਈ ਔਖਾ ਸੀ ‘ਸੌਂਕਣ ਸੌਂਕਣੇ 2’ ’ਚ ਡਬਲ ਰੋਲ ਨਿਭਾਉਣਾ

Friday, May 23, 2025 - 11:18 AM (IST)

ਸਰਗੁਣ ਮਹਿਤਾ ਲਈ ਔਖਾ ਸੀ ‘ਸੌਂਕਣ ਸੌਂਕਣੇ 2’ ’ਚ ਡਬਲ ਰੋਲ ਨਿਭਾਉਣਾ

ਜਲੰਧਰ (ਨੇਹਾ ਮਨਹਾਸ)– ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ 2’ ਦੁਨੀਆ ਭਰ ’ਚ 30 ਮਈ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ।

ਫ਼ਿਲਮ ਨੂੰ ਲੈ ਕੇ ਮੁੱਖ ਅਭਿਨੇਤਰੀਆਂ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਨੇ ਕੁਝ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਹਨ। ਸਰਗੁਣ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਫ਼ਿਲਮ ’ਚ ਡਬਲ ਰੋਲ ਨਿਭਾਇਆ ਹੈ, ਜੋ ਉਨ੍ਹਾਂ ਲਈ ਮੁਸ਼ਕਿਲ ਰਿਹਾ। ਉਨ੍ਹਾਂ ਲਈ ਨਸੀਬ ਕੌਰ ਦਾ ਕਿਰਦਾਰ ਨਿਭਾਉਣਾ ਹੀ ਮੁਸ਼ਕਿਲ ਸੀ ਕਿਉਂਕਿ ਉਹ ਇਕ ਢੇਠ ਪੰਜਾਬਣ ਹੈ, ਜਿਸ ਨੂੰ ਉਨ੍ਹਾਂ ਨੇ ਕਦੇ ਜ਼ਿੰਦਗੀ ’ਚ ਐਕਸਪੀਰੀਅੰਸ ਨਹੀਂ ਕੀਤਾ ਸੀ। ਦੂਜੇ ਪਾਸੇ ਮੋਨਿਕਾ ਦਾ ਕਿਰਦਾਰ ਪੂਰਾ ਫਿਕਸ਼ਨਲ ਹੈ, ਜੋ ਇਕ ਇਟਾਲੀਅਨ ਕੁੜੀ ਹੈ ਤੇ ਉਹ ਅੰਗਰੇਜ਼ੀ, ਇਟਾਲੀਅਨ ਤੇ ਪੰਜਾਬੀ ਤਿੰਨੇ ਭਾਸ਼ਾਵਾਂ ਬੋਲਦੀ ਹੈ। ਮੇਰੇ ਲਈ ਇਨ੍ਹਾਂ ਦੋਵੇਂ ਕਿਰਦਾਰਾਂ ਨੂੰ ਪਰਦੇ ’ਤੇ ਅਲੱਗ-ਅਲੱਗ ਦਿਖਾਉਣਾ ਤੇ ਮਹਿਸੂਸ ਕਰਵਾਉਣਾ ਮੁਸ਼ਕਿਲ ਰਿਹਾ ਹੈ।

ਦੂਜੇ ਪਾਸੇ ਨਿਮਰਤ ਖਹਿਰਾ ਦਾ ਕਹਿਣਾ ਹੈ ਕਿ ਭਾਵੇਂ ਕੋਈ ਕਲਾਕਾਰ 100 ਫ਼ਿਲਮਾਂ ਵੀ ਕਰ ਲਵੇ ਤਾਂ ਵੀ ਉਸ ਨੂੰ ਇਹੀ ਹੁੰਦਾ ਹੈ ਕਿ ਨਹੀਂ ਅਜੇ ਹੋਰ ਕੰਮ ਕਰਨਾ ਹੈ ਕਿਉਂਕਿ ਕ੍ਰਿਏਟਿਵ ਲੈਵਲ ’ਤੇ ਇਕ ਕਲਾਕਾਰ ਦੀ ਕਦੇ ਵੀ ਸੰਤੁਸ਼ਟੀ ਨਹੀਂ ਹੁੰਦੀ। ਨਿਮਰਤ ਨੇ ਕਿਹਾ ਕਿ ਅਜੇ ਉਸ ਨੇ ਬਹੁਤ ਕੁਝ ਕਰਨਾ ਹੈ ਕਿਉਂਕਿ ਉਸ ਨੇ ਕੁਝ ਹੀ ਫ਼ਿਲਮਾਂ ਕੀਤੀਆਂ ਹਨ। ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਾਸਿਆਂ ਨਾਲ ਭਰਿਆ ਹੋਇਆ ਹੈ, ਜਿਸ ’ਚ ਬੇਹੱਦ ਮਜ਼ੇਦਾਰ ਤੇ ਢਿੱਡੀਂ ਪੀੜਾਂ ਪਾਉਣ ਵਾਲੇ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ’ਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਦੱਸ ਦੇਈਏ ਕਿ ਫ਼ਿਲਮ ਨੂੰ ਜਤਿਨ ਸੇਠੀ, ਸਰਗੁਣ ਮਹਿਤਾ ਤੇ ਰਵੀ ਦੂਬੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫ਼ਿਲਮ ਨਾਦਸ ਸਟੂਡੀਓਜ਼ ਤੇ ਡ੍ਰੀਮਯਾਤਾ ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ, ਜਿਸ ’ਚ ਪਾਗਲਪੰਤੀ, ਕਨਫਿਊਜ਼ਨ ਤੇ ਹਾਸੇ ਦੇ ਨਾਲ ਸਰਪ੍ਰਾਈਜ਼ ਵੀ ਮਿਲਣ ਵਾਲਾ ਹੈ।
 


author

cherry

Content Editor

Related News