ਦਿਲਜੀਤ ਦੀ ਫ਼ਿਲਮ ਲਈ ਇੰਦਰਜੀਤ ਨਿੱਕੂ ਨੇ ਗੀਤ ਕੀਤਾ ਰਿਕਾਰਡ, ਯੂਰੋਪ ਟੂਰ ਦਾ ਕੀਤਾ ਐਲਾਨ

Saturday, Sep 03, 2022 - 01:53 PM (IST)

ਦਿਲਜੀਤ ਦੀ ਫ਼ਿਲਮ ਲਈ ਇੰਦਰਜੀਤ ਨਿੱਕੂ ਨੇ ਗੀਤ ਕੀਤਾ ਰਿਕਾਰਡ, ਯੂਰੋਪ ਟੂਰ ਦਾ ਕੀਤਾ ਐਲਾਨ

ਮੁੰਬਈ (ਬਿਊਰੋ) : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਸਮਾਂ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਇੰਦਰਜੀਤ ਨਿੱਕੂ ਬਾਬੇ ਦੇ ਦਰਬਾਰ ਵਿਚ ਰੋ ਕੇ ਆਪਣੇ ਦਿਲ ਦਾ ਹਾਲ ਸੁਣਾ ਰਹੇ ਸੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਫ਼ਿਲਮਾਂ ਵਿਚ ਗੀਤ ਗਾਉਣ ਦੀ ਆਫ਼ਰ ਦਿੱਤੀ।

ਹਾਲ ਹੀ ਵਿਚ ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ ਲਈ ਇੱਕ ਗੀਤ ਗਾਇਆ, ਜਿਸ ਦੀ ਰਿਕਾਰਡਿੰਗ ਵੀ ਹੋ ਚੁੱਕੀ ਹੈ। ਇੰਦਰਜੀਤ ਨਿੱਕੂ ਨੇ ਰਿਕਾਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦਾ ਦਿਲੋਂ ਧੰਨਵਾਦ ਕੀਤਾ। ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰ ਨਿੱਕੂ ਨੇ ਲਿਖਿਆ ਹੈ, "ਵਾਹਿਗੁਰੂ ਮੇਹਰ ਕਰਨ। ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਗੀਤ ਕੱਲ੍ਹ ਰਿਕਾਰਡ ਹੋ ਗਿਆ। ਛੋਟੇ ਭਰਾ ਦਾ ਫ਼ਰਜ਼ ਨਿਭਾਉਣ ਲਈ ਦਿਲੋਂ ਧੰਨਵਾਦ।"

PunjabKesari

ਪਰਮੀਸ਼ ਵਰਮਾ ਲਈ ਵੀ ਗਾਇਆ ਗਾਣਾ
ਦਿਲਜੀਤ ਦੋਸਾਂਝ ਦੇ ਨਾਲ-ਨਾਲ ਨਿੱਕੂ ਨੇ ਪਰਮੀਸ਼ ਵਰਮਾ ਦੀ ਮਿਊਜ਼ਿਕ ਕੰਪਨੀ ਲਈ ਵੀ ਗੀਤ ਰਿਕਾਰਡ ਕੀਤਾ। ਇਸ ਦੀ ਤਸਵੀਰ ਇੰਦਰਜੀਤ ਨਿੱਕੂ ਨੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, "ਵਾਹਿਗੁਰੂ ਮੇਹਰ ਕਰਨ।" ਇਸ ਦੇ ਨਾਲ ਉਨ੍ਹਾਂ ਨੇ ਪੋਸਟ ਵਿਚ ਪਰਮੀਸ਼ ਵਰਮਾ ਤੇ ਲਾਡੀ ਚਾਹਲ ਨੂੰ ਟੈਗ ਕੀਤਾ।

PunjabKesari

ਯੂਰੋਪ ਅਤੇ ਕੈਨੇਡਾ ਵਿਚ ਮਿਊਜ਼ਿਕ ਕੰਸਰਟ
ਇੰਦਰਜੀਤ ਨਿੱਕੂ ਵਰਲਡ ਟੂਰ ਵੀ ਜਲਦ ਕਰਨ ਜਾ ਰਹੇ ਹਨ। ਉਨ੍ਹਾਂ ਦੇ ਯੂਰੋਪ ਟੂਰ ਦਾ ਐਲਾਨ ਹੋ ਗਿਆ ਹੈ। ਨਿੱਕੂ 1 ਦਸੰਬਰ 2022 ਤੋਂ 13 ਦਸੰਬਰ ਤੱਕ ਯੂਰੋਪ ਟੂਰ 'ਤੇ ਹੋਣਗੇ। ਇਸ ਟੂਰ ਦਾ ਨਾਂ ਇੰਦਰਜੀਤ ਨਿੱਕੂ ਰੀਲੋਡਿਡ ਰੱਖਿਆ ਗਿਆ ਹੈ। ਇਸ ਸਬੰਧੀ ਨਿੱਕੂ ਨੇ ਪੋਸਟ ਪਾ ਕੇ ਜਾਣਕਾਰੀ ਫ਼ੈਨਜ਼ ਨਾਲ ਸਾਂਝੀ ਕੀਤੀ। ਪੋਸਟ ਦੀ ਕੈਪਸ਼ਨ ਵਿਚ ਉਨ੍ਹਾਂ ਲਿਖਿਆ, "ਸਤਿ ਸ੍ਰੀ ਅਕਾਲ ਜੀ ਸਭ ਨੂੰ। ਤੁਹਾਡਾ ਨਿੱਕੂ ਤੁਹਾਡੇ ਕੋਲ ਦਸੰਬਰ 1 ਤੋਂ 13 ਤੱਕ ਆ ਰਿਹਾ ਯੂਰੋਪ ਦਾ ਟੂਰ ਲੈ ਕੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ, ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News