ਹਿਮਾਚਲ ਪ੍ਰਦੇਸ਼ ਆਉਣ ਲਈ ਡੋਨਾਲਡ ਟਰੰਪ ਤੇ ਅਮਿਤਾਭ ਨੇ ਬਣਵਾਇਆ E-Pass ਤਾਂ ਹੋਇਆ ਕੇਸ ਦਰਜ
Tuesday, May 11, 2021 - 03:29 PM (IST)
ਮੁੰਬਈ (ਬਿਊਰੋ)- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਕਾਰਨ ਪਾਬੰਦੀ ਜਾਰੀ ਹੈ। ਅਜਿਹੀ ਸਥਿਤੀ 'ਚ ਲੋਕਾਂ ਲਈ ਇਸ ਸੂਬੇ 'ਚ ਦਾਖ਼ਲ ਹੋਣ ਲਈ ਈ-ਪਾਸ ਲੈਣਾ ਲਾਜ਼ਮੀ ਹੈ ਪਰ ਸ਼ਿਮਲਾ 'ਚ ਈ-ਪਾਸ ਦਾ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ 'ਚ ਦਾਖ਼ਲ ਹੋਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਮ 'ਤੇ ਜਾਰੀ ਕੀਤੇ ਜਾ ਰਹੇ ਦੋ ਈ-ਪਾਸਾਂ ਦੇ ਮਾਮਲੇ ਤੋਂ ਬਾਅਦ ਸ਼ਿਮਲਾ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਵੇਂ ਪਾਸ ਇਕੋ ਮੋਬਾਇਲ ਨੰਬਰ ਤੇ ਆਧਾਰ ਨੰਬਰ 'ਤੇ ਜਾਰੀ ਕੀਤੇ ਗਏ ਸਨ। ਕੋਵਿਡ 19 ਦੇ ਮਾਮਲਿਆਂ 'ਚ ਵਾਧਾ ਹੋਣ ਕਾਰਨ ਸੂਬੇ 'ਚ ਦਾਖ਼ਲੇ ਲਈ 27 ਅਪ੍ਰੈਲ ਤੋਂ ਈ-ਪਾਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਸੀ।
ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਟਰੰਪ ਤੇ ਅਮਿਤਾਭ ਦੇ ਨਾਮ 'ਤੇ ਦੋ ਈ-ਪਾਸ ਐੱਚ. ਪੀ. 2563825 ਤੇ ਐੱਚ. ਪੀ. 2563287 ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਵਿਭਾਗ ਦੀ ਸ਼ਿਕਾਇਤ 'ਤੇ ਇਸ ਸਬੰਧੀ ਸ਼ਿਮਲਾ ਪੂਰਬੀ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਦੇਸ਼ ਦੇ ਕਈ ਹਿੱਸਿਆਂ 'ਚ ਮੁਕੰਮਲ ਤਾਲਾਬੰਦੀ
ਕੀਤੀ ਗਈ ਹੈ ਤਾਂ ਕਿਤੇ ਸਖ਼ਤ ਨਿਯਮ ਦੇ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ।
ਨੋਟ- ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।