ਗੌਹਰ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, BMC ਨੇ ਦਰਜ ਕੀਤੀ FIR, ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਕੀਤੀ ਸ਼ੂਟਿੰਗ

03/16/2021 2:13:07 PM

ਮੁੰਬਈ (ਬਿਊਰੋ)– ਮਹਾਰਾਸ਼ਟਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੀ ਰੋਕਥਾਮ ਲਈ ਬੀ. ਐੱਮ. ਸੀ. ਨੇ ਦੂਜੇ ਸ਼ਹਿਰਾਂ ਤੋਂ ਮੁੰਬਈ ਆਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਗਾਈਡਲਾਈਨ ਬਣਾਈ ਹੈ। ਇਸ ਦੇ ਤਹਿਤ ਲੋਕਾਂ ਨੂੰ ਆਪਣੀ ਕੋਰੋਨਾ ਰਿਪੋਰਟ ਦਿਖਾਉਣੀ ਹੋਵੇਗੀ, ਜੇਕਰ ਉਹ ਨੈਗੇਟਿਵ ਹੋਏ ਤਾਂ ਹੀ ਉਨ੍ਹਾਂ ਨੂੰ ਐਂਟਰੀ ਦਿੱਤੀ ਜਾਵੇਗੀ। ਹੁਣ ਇਨ੍ਹਾਂ ਨਿਯਮਾਂ-ਕਾਨੂੰਨਾਂ ’ਚ ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ ਫੱਸ ਗਈ ਹੈ। ਬੀ. ਐੱਮ. ਸੀ. ਨੇ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੌਹਰ ਖ਼ਾਨ ਕੋਰੋਨਾ ਪਾਜ਼ੇਟਿਵ ਹੈ ਤੇ ਉਹ ਇਸ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਦਿਆਂ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇੰਨਾ ਹੀ ਨਹੀਂ, ਜਦੋਂ ਬੀ. ਐੱਮ. ਸੀ. ਦੇ ਅਧਿਕਾਰੀ ਗੌਹਰ ਖ਼ਾਨ ਦੇ ਘਰ ਚੈੱਕ ਕਰਨ ਪਹੁੰਚੇ ਤਾਂ ਉਹ ਘਰ ’ਚ ਮੌਜੂਦ ਨਹੀਂ ਸੀ। ਇਸ ਗੱਲ ’ਤੇ ਬੀ. ਐੱਮ. ਸੀ. ਦੇ ਟਵਿਟਰ ਹੈਂਡਲ ਤੋਂ ਇਕ ਟਵੀਟ ਕੀਤਾ ਗਿਆ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਕ ਬਾਲੀਵੁੱਡ ਅਦਾਕਾਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜੋ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਬਾਹਰ ਘੁੰਮ ਰਹੀ ਹੈ।

ਦੱਸਣਯੋਗ ਹੈ ਕਿ ਟਵੀਟ ’ਚ ਬੀ. ਐੱਮ. ਸੀ. ਨੇ ਅਦਾਕਾਰਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਟਵੀਟ ’ਚ ਐੱਫ. ਆਈ. ਆਰ. ਦੀ ਕਾਪੀ ਵੀ ਸਾਂਝੀ ਕੀਤੀ ਗਈ ਹੈ, ਜਿਸ ’ਚ ਅਦਾਕਾਰਾ ਦਾ ਨਾਂ ਨਹੀਂ ਦਿਖਾਇਆ ਗਿਆ। ਜਦੋਂ ਮੀਡੀਆ ਨੇ ਗੌਹਰ ਖ਼ਾਨ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸ ਨੇ ਤੇ ਉਸ ਦੀ ਟੀਮ ਨੇ ਕਿਸੇ ਦਾ ਕੋਈ ਜਵਾਬ ਨਹੀਂ ਦਿੱਤਾ।

ਸੂਤਰਾਂ ਮੁਤਾਬਕ ਗੌਹਰ ਖ਼ਾਨ ਕੋਲ ਕੋਰੋਨਾ ਟੈਸਟ ਦੀਆਂ ਦੋ ਵੱਖ-ਵੱਖ ਰਿਪੋਰਟਾਂ ਹਨ। ਇਕ 11 ਮਾਰਚ ਨੂੰ ਮੁੰਬਈ ’ਚ ਕੀਤੇ ਗਏ ਕੋਵਿਡ ਟੈਸਟ ਦੀ ਹੈ, ਜਿਸ ’ਚ ਉਹ ਪਾਜ਼ੇਟਿਵ ਪਾਈ ਗਈ ਹੈ। ਉਥੇ ਦੂਜੀ ਰਿਪੋਰਟ ਦਿੱਲੀ ਦੀ ਹੈ, ਜੋ ਨੈਗੇਟਿਵ ਆਈ ਹੈ। ਜੇਕਰ ਕੋਈ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਬੀ. ਐੱਮ. ਸੀ. ਨੂੰ ਸੂਚਨਾ ਦੇਣੀ ਹੁੰਦੀ ਹੈ, ਜੋ ਕਿ ਗੌਹਰ ਨੇ ਨਹੀਂ ਦਿੱਤੀ। ਇਸ ਗੱਲ ਦੀ ਜਾਣਕਾਰੀ ਗੌਹਰ ਦੇ ਗੁਆਂਢੀਆਂ ਨੇ ਦਿੱਤੀ।

ਦੱਸਣਯੋਗ ਹੈ ਕਿ ਦੇਸ਼ ’ਚ ਇਸ ਸਮੇਂ ਮਹਾਮਾਰੀ ਐਕਟ ਲਾਗੂ ਹੈ, ਜਿਸ ਦੇ ਤਹਿਤ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਘਰੋਂ ਬਾਹਰ ਨਹੀਂ ਨਿਕਲ ਸਕਦਾ ਹੈ, ਨਾਲ ਹੀ ਉਹ ਸੜਕ ’ਤੇ ਤੇ ਜਨਤਕ ਥਾਵਾਂ ’ਤੇ ਨਹੀਂ ਥੁੱਕ ਸਕਦਾ ਹੈ। ਇਸ ਦੇ ਨਾਲ ਹੀ ਕੋਈ ਪਾਜ਼ੇਟਿਵ ਵਿਅਕਤੀ ਗਲਤ ਜਾਣਕਾਰੀ ਵੀ ਨਹੀਂ ਦੇ ਸਕਦਾ ਹੈ। ਜੇਕਰ ਕੋਈ ਨਿਯਮਾਂ ਨੂੰ ਤੋੜਦਾ ਹੈ ਤਾਂ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਤੇ ਜੁਰਮਾਨਾ ਲੱਗ ਸਕਦਾ ਹੈ। ਗੌਹਰ ਖ਼ਾਨ ’ਤੇ ਬੀ. ਐੱਮ. ਸੀ. ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News