‘ਸੌਂਕਣ ਸੌਂਕਣੇ’ ਫ਼ਿਲਮ ਦੇ ਗੀਤ ‘ਗੱਲ ਮੰਨ ਲੈ ਮੇਰੀ’ ’ਚ ਐਮੀ ਤੇ ਸਰਗੁਣ ਦੀ ਕੈਮਿਸਟਰੀ ਲੋਕਾਂ ਨੂੰ ਆਈ ਪਸੰਦ (ਵੀਡੀਓ)
Tuesday, Apr 26, 2022 - 01:11 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ ਆਪਣੇ ਐਲਾਨ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਨਾਂ ਤੋਂ ਸਾਫ ਹੈ ਕਿ ਫ਼ਿਲਮ ’ਚ ਸੌਂਕਣਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਉਥੇ ਇਸ ਫ਼ਿਲਮ ਦੇ ਗੀਤ ‘ਗੱਲ ਮੰਨ ਲੈ ਮੇਰੀ’ ’ਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਸਰਗੁਣ ਮਹਿਤਾ, ਜੋ ਐਮੀ ਵਿਰਕ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ, ਉਸ ਨੂੰ ਆਪਣੀ ਛੋਟੀ ਭੈਣ ਨਿਮਰਤ ਖਹਿਰਾ ਨਾਲ ਵਿਆਹ ਕਰਵਾਉਣ ਲਈ ਮਨਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’
ਇਸ ਗੀਤ ਨੂੰ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 26 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਗੀਤ ਨੂੰ ਗੁਰਲੇਜ ਅਖ਼ਤਰ ਨੇ ਆਵਾਜ਼ ਦਿੱਤੀ ਹੈ। ਇਸ ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦੇ ਬੋਲ ਰੋਨੀ ਅਜਨਾਲੀ ਤੇ ਗਿੱਲ ਮਛਰਾਈ ਨੇ ਲਿਖੇ ਹਨ।
ਦੱਸ ਦੇਈਏ ਕਿ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ’ਚ ਐਮੀ, ਸਰਗੁਣ ਤੇ ਨਿਮਰਤ ਤੋਂ ਇਲਾਵਾ ਨਿਰਮਲ ਰਿਸ਼ੀ, ਕਾਕਾ ਕੌਤਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤਕ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਫ਼ਿਲਮ 13 ਮਈ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।