ਰਿਚਾ ਚੱਢਾ ਦੀ "ਮੁਸਾਫਿਰੀ" ਦਾ ਪਹਿਲਾ ਐਪੀਸੋਡ ਹੋਇਆ ਰਿਲੀਜ਼
Saturday, Sep 26, 2026 - 04:27 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਦੇ ਸ਼ੋਅ "ਮੁਸਾਫਿਰੀ" ਦਾ ਪਹਿਲਾ ਐਪੀਸੋਡ ਅੱਜ ਰਿਲੀਜ਼ ਹੋ ਗਿਆ ਹੈ। ਸ਼ੋਅ ਰਾਹੀਂ, ਰਿਚਾ ਦਰਸ਼ਕਾਂ ਨੂੰ ਮੁੰਬਈ ਦੇ ਅਣਸੁਣੇ ਕਿੱਸੇ, ਇਤਿਹਾਸਕ ਸਥਾਨਾਂ ਅਤੇ ਦਿਲਚਸਪ ਪਹਿਲੂਆਂ ਤੋਂ ਜਾਣੂ ਕਰਵਾਏਗੀ। ਪਹਿਲੇ ਐਪੀਸੋਡ ਵਿੱਚ ਮੁੰਬਈ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਨਾਲ ਸਾਊਥ ਮੁੰਬਈ ਦੇ ਮਸ਼ਹੂਰ ਇਲਾਕੇ ਕਾਲਾ ਘੋੜਾ ਅਤੇ ਹਾਲੀਵੁੱਡ ਸਟਾਰ ਕਿਮ ਕਾਰਦਰਸ਼ੀਅਨ ਵਿਚਾਲੇ ਅਨੌਖੇ ਸਬੰਧ ਦੀ ਕਹਾਣੀ ਹੈ। ਰਿਚਾ ਮੁੰਬਈ ਦੇ ਜਨਮ ਅਤੇ ਸ਼ਹਿਰ ਨਾਲ ਜੁੜੇ ਦੇਵੀ-ਦੇਵਤਿਆਂ, ਖਾਸ ਕਰਕੇ ਦੇਵੀ ਮਹਾਲਕਸ਼ਮੀ ਬਾਰੇ ਵੀ ਜਾਣਕਾਰੀ ਸਾਂਝੀ ਕਰੇਗੀ।
ਐਪੀਸੋਡ ਵਿੱਚ ਮੁੰਬਈ ਦੇ ਸਭ ਤੋਂ ਪੁਰਾਣੇ ਅਰਮੀਨੀਆਈ ਚਰਚਾਂ ਵਿੱਚੋਂ ਇੱਕ ਦੀ ਝਲਕ ਵੀ ਦਿਖਾਈ ਦੇਵੇਗੀ, ਨਾਲ ਹੀ ਗੇਟਵੇ ਆਫ਼ ਇੰਡੀਆ ਦੇ ਇਤਿਹਾਸ ਅਤੇ ਉਸਦੇ ਨਿਰਮਾਣ ਦੀ ਵਜ੍ਹਾ ਬਾਰੇ ਵਿੱਚ ਵੀ ਦੱਸਿਆ ਜਾਵੇਗਾ। ਰਿਚਾ ਸ਼ਹਿਰ ਦੀਆਂ ਤੰਗ ਗਲੀਆਂ ਵਿੱਚੋਂ ਲੰਘਣ ਅਤੇ ਲੋਕਲ ਟੈਕਸੀ ਵਿੱਚ ਸਫਰ ਦੌਰਾਨ ਮੁੰਬਈ ਨੂੰ ਇੱਕ ਨਿੱਜੀ ਅਤੇ ਵੱਖ ਨਜ਼ਰੀਏ ਨਾਲ ਐਕਸਪਲੋਰ ਕਰਦੀ ਨਜ਼ਰ ਆਵੇਗੀ। ਰਿਚਾ ਚੱਢਾ ਨੇ ਕਿਹਾ, "ਮੁੰਬਈ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਅਸੀਂ ਵੱਡੇ ਹੋਏ ਹਾਂ, ਪਰ ਅਸੀਂ ਕਦੇ ਰੁੱਕ ਕੇ ਉਨ੍ਹਾਂ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।
'ਮੁਸਾਫਿਰੀ' ਰਾਹੀਂ, ਮੈਂ ਸ਼ਹਿਰ ਦੇ ਇਨ੍ਹਾਂ ਅਨੌਖੇ ਅਤੇ ਅਣਸੁਣੇ ਪਹਿਲੂਆਂ ਨੂੰ ਲੋਕਾਂ ਨਾਲ ਸਾਂਝਾ ਕਰਨਾ ਅਤੇ ਜਾਣਨਾ ਚਾਹੁੰਦੀ ਸੀ। ਮੈਨੂੰ ਉਮੀਦ ਹੈ ਕਿ ਉਹ ਲੋਕ ਵੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮੁੰਬਈ ਵਿੱਚ ਬਿਤਾਈ ਹੈ, ਉਹ ਵੀ ਸ਼ਹਿਰ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣਗੇ ਅਤੇ ਮਹਿਸੂਸ ਕਰਨਗੇ ਜਿਵੇਂ ਉਹ ਇੱਕ ਨਵੀਂ ਮੁੰਬਈ ਦੀ ਖੋਜ ਕਰ ਰਹੇ ਹੋਣ।"
