ਅਮਿਤ ਸਾਧ ਦੀ ਫਿਲਮ "ਪ੍ਰਤਾਪ" ਦਾ ਮੋਸ਼ਨ ਪੋਸਟਰ ਜਾਰੀ, 26 ਅਕਤੂਬਰ ਨੂੰ ਰਿਲੀਜ਼ ਹੋਵੇਗਾ ਟ੍ਰੇਲਰ
Thursday, Oct 22, 2026 - 04:47 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਮਿਤ ਸਾਧ ਦੀ ਆਉਣ ਵਾਲੀ ਫਿਲਮ "ਪ੍ਰਤਾਪ" ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ, ਅਮਿਤ ਇੱਕ ਐਨਕਾਊਂਟਰ ਸਪੈਸ਼ਲਿਸਟ ਪੁਲਸ ਅਫਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਹਾਲਾਤਾਂ ਕਾਰਨ ਖੁਦ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਜਾਂਦਾ ਹੈ। ਫਿਲਮ ਦਾ ਟ੍ਰੇਲਰ 26 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਮੋਸ਼ਨ ਪੋਸਟਰ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ, ਇੱਕ ਬਰਖਾਸਤ ਪੁਲਸ ਅਫਸਰ, ਇੱਕ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਜਾਂਚ, ਹਾਈ-ਪ੍ਰੋਫਾਈਲ ਬੰਬ ਧਮਾਕੇ ਅਤੇ ਇੱਕ ਪ੍ਰਭਾਵਸ਼ਾਲੀ ਉਦਯੋਗਪਤੀ ਨਾਲ ਸੰਭਾਵਿਤ ਸਬੰਧਾਂ ਦਾ ਸੰਕੇਦ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਅਮਿਤ ਸਾਧ ਸਲਾਖਾਂ ਪਿੱਛੇ ਨਜ਼ਰ ਆਉਂਦੇ ਹਨ, ਜਿਸ ਨਾਲ ਕਹਾਣੀ ਨੂੰ ਲੈ ਕੇ ਰਹੱਸ ਹੋਰ ਡੂੰਘਾ ਹੋ ਜਾਂਦਾ ਹੈ। ਫਿਲਮ ਦਾ ਕੇਂਦਰੀ ਸਵਾਲ ਇਹ ਹੈ ਕਿ ਜਦੋਂ ਇਕ ਪੁਲਸ ਅਫਸਰ ਹੀ ਨਿਸ਼ਾਨਾ ਬਣ ਜਾਵੇ ਤਾਂ ਕੀ ਹੋਵੇਗਾ? ਮੋਸ਼ਨ ਪੋਸਟਰ ਇਸੇ ਸਵਾਲ ਰਾਹੀਂ ਇੱਕ ਅਜਿਹੀ ਕਹਾਣੀ ਦੀ ਝਲਕ ਪੇਸ਼ ਕਰਦਾ ਹੈ, ਜਿਸ ਵਿੱਚ ਇੱਕ ਬਹਾਦਰ ਅਫਸਰ ਨੂੰ ਆਪਣੀ ਬਹਾਦਰੀ ਅਤੇ ਸਿਧਾਂਤਾਂ ਦੇ ਬਾਵਜੂਦ, ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਚਿਨ ਸਰਾਫ ਦੁਆਰਾ ਲਿਖੀ ਅਤੇ ਨਿਰਦੇਸ਼ਤ ਇਸ ਫਿਲਮ ਵਿੱਚ ਅਮਿਤ ਸਾਧ, ਈਸ਼ਾ ਦਿਓਲ, ਸੀਮਾ ਬਿਸਵਾਸ ਅਤੇ ਤਿਗਮਾਂਸ਼ੂ ਧੂਲੀਆ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
