ਫਰਾਹ ਖਾਨ ਅਲੀ ਨੇ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਮੀਡੀਆ ਕਵਰੇਜ ਦੀ ਕੀਤੀ ਆਲੋਚਨਾ
Friday, Nov 14, 2025 - 03:23 PM (IST)
ਨਵੀਂ ਦਿੱਲੀ (ਏਜੰਸੀ)- ਅਦਾਕਾਰ ਸੰਜੇ ਖਾਨ ਦੀ ਧੀ ਅਤੇ ਸੁਜ਼ੈਨ ਖਾਨ ਦੀ ਭੈਣ, ਜਿਊਲਰੀ ਡਿਜ਼ਾਈਨਰ ਫਰਾਹ ਖਾਨ ਅਲੀ ਨੇ ਅਦਾਕਾਰ ਧਰਮਿੰਦਰ ਦੇ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਮੀਡੀਆ ਕਵਰੇਜ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਵਰੇਜ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਨਤਕ ਹਸਤੀਆਂ ਦਾ ਵੀ ਨਿੱਜੀ ਜੀਵਨ ਹੁੰਦਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਸਟੋਰੀ ਸਾਂਝੀ ਕਰਕੇ ਇਕ ਨੋਟ ਲਿਖਿਆ, 'ਮੇਰੀ ਮਾਂ ਦਾ 6 ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਥੇ ਕੁੱਝ ਲੋਕਾਂ ਦੀ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਇਸ ਗੱਲ ਵਿਚ ਜ਼ਿਆਦਾ ਦਿਲਚਸਪੀ ਦੇ ਰਹੇ ਸਨ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ।' ਦੱਸ ਦੇਈਏ ਕਿ ਅਦਾਕਾਰ ਸੰਜੇ ਖਾਨ ਦੀ ਪਤਨੀ ਜ਼ਰੀਨ ਖਾਨ ਦਾ 7 ਨਵੰਬਰ ਨੂੰ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਦਫਨਾਉਣ ਦੀ ਬਜਾਏ ਉਨ੍ਹਾਂ ਦਾ ਅੰਤਿਮ ਸੰਸਕਾਰ ਗਿਆ ਗਿਆ ਸੀ।

ਫਰਾਹ ਖਾਨ ਅਲੀ ਨੇ ਲਿਖਿਆ, 'ਧਰਮ ਅੰਕਲ ਹਸਪਤਾਲ ਵਿਚ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਜੀ ਵੀਡੀਓ ਵਾਇਰਲ ਹੋ ਰਿਹਾ ਹੈ। ਕੀ ਅਸੀਂ ਇਕ ਰਾਸ਼ਟਰ ਦੇ ਰੂਪ ਵਿਚ ਲੋਕਾਂ ਪ੍ਰਤੀ ਇੰਨੇ ਅਸੰਵੇਦਨਸ਼ੀਲ ਹਾਂ? ਕੀ ਜਨਤਕ ਹਸਤੀਆਂ ਦੇ ਪਰਿਵਾਰ ਨਹੀਂ ਹੁੰਦੇ?' ਉਨ੍ਹਾਂ ਕਿਹਾ, 'ਇਨਸਾਨੀਅਤ ਨੂੰ ਕੀ ਹੋ ਗਿਆ ਹੈ? ਇੱਥੇ ਹਰ ਮੂਰਖ ਦੀ ਆਪਣੀ ਰਾਏ ਕਿਉਂ ਹੈ ਕਿ ਦੂਜਿਆਂ ਨੂੰ ਕਿਵੇਂ ਜਿਉਂਣਾ ਚਾਹੀਦਾ ਹੈ? ਦੁਖ ਤਾਂ ਹਰ ਕਿਸੇ 'ਤੇ ਆਉਂਦਾ ਹੈ। ਜਦੋਂ ਤੁਹਾਡੀ ਵਾਰੀ ਆਏਗੀ, ਅਤੇ ਯਕੀਨ ਮੰਨੋ, ਆਏਗੀ, ਤਾਂ ਦੂਜੇ ਲੋਕ ਉਸੇ ਤਰ੍ਹਾਂ ਤੁਹਾਨੂੰ ਤਕਲੀਫ ਦੇਣਗੇ, ਜਿਵੇਂ ਤੁਸੀਂ ਸਾਨੂੰ ਪਹੁੰਚਾਈ ਹੈ।'
ਉਨ੍ਹਾਂ ਦੀ ਇਹ ਟਿੱਪਣੀ ਸੋਸ਼ਲ ਮੀਡੀਆ 'ਤੇ ਲੀਕ ਹੋਏ ਇਕ ਵੀਡੀਓ ਤੋਂ ਬਾਅਦ ਆਈ ਹੈ, ਜਿਸ ਵਿਚ ਹਸਪਤਾਲ ਵਿਚ ਧਰਮਿੰਦਰ ਦੇ ਪਰਿਵਾਰਕ ਮੈਂਬਰ ਦੁਖੀ ਨਜ਼ਰ ਆ ਰਹੇ ਹਨ। ਅਦਾਕਾਰ ਨੂੰ ਸੋਮਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਜਦੋਂ ਮੰਗਵਾਰ ਨੂੰ ਉਨ੍ਹਾਂ ਦੇ ਦੇਹਾਂਤ ਦੀਆਂ ਅਫਵਾਹਾਂ ਫੈਲੀਆਂ ਤਾਂ ਧੀ ਈਸ਼ਾ ਦਿਓਲ ਅਤੇ ਪਤਨੀ ਹੇਮਾ ਮਾਲਿਨੀ ਨੇ ਮੀਡੀਆ ਦੇ ਗੈਰ-ਜ਼ਿੰਮੇਵਾਰਾਨਾ' ਵਿਵਹਾਰ ਦੀ ਨਿੰਦਾ ਕੀਤੀ ਅਤੇ ਸਪਸ਼ਟ ਕੀਤਾ ਕਿ ਅਦਾਕਾਰ ਦੀ ਹਾਲਤ ਸਥਿਹ ਹੈ ਅਤੇ ਉਨ੍ਹਾਂ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ।
